ਸੂਚਨਾ ਦਾ ਮੁਕਤ ਪ੍ਰਵਾਹ ਅਤੇ ਸਹੀ ਜਾਣਕਾਰੀ ਦੀ ਲੋੜ, ਦੋਵੇਂ ਨਾਲ-ਨਾਲ ਚੱਲਦੀਆਂ ਹਨ : ਅਨੁਰਾਗ ਠਾਕੁਰ

05/26/2022 11:32:36 AM

ਚੰਡੀਗੜ੍ਹ (ਹਰੀਸ਼ਚੰਦਰ) : ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕੋਵਿਡ-19 ਮਹਾਮਾਰੀ ਦੇ ਔਖੇ ਸਮੇਂ ’ਚ ਭਾਰਤੀ ਮੀਡੀਆ ਵਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ ਹੈ। ਅੱਜ 17ਵੇਂ ਏਸ਼ੀਆ ਮੀਡੀਆ ਸਿਖਰ ਸੰਮੇਲਨ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਉਨ੍ਹਾਂ ਨੇ ਕਿਹਾ ਕਿ ਭਾਰਤੀ ਮੀਡੀਆ ਨੇ ਇਹ ਯਕੀਨੀ ਕੀਤਾ ਕਿ ਦੇਸ਼ ਵਿਚ ਸਾਰੇ ਲੋਕਾਂ ਤੱਕ ਕੋਵਿਡ ਜਾਗਰੂਕਤਾ ਸੰਦੇਸ਼, ਮਹੱਤਵਪੂਰਣ ਸਰਕਾਰੀ ਦਿਸ਼ਾ-ਨਿਰਦੇਸ਼ ਅਤੇ ਡਾਕਟਰਾਂ ਦੇ ਨਾਲ ਮੁਫ਼ਤ ਵਿਚਾਰ ਚਰਚਾ ਆਸਾਨੀ ਨਾਲ ਪੁੱਜੇ। ਦੂਰਦਰਸ਼ਨ ਅਤੇ ਆਕਾਸ਼ਵਾਣੀ ਨੇ ਜਨਤਕ ਸੇਵਾ ਵਿਚ ਮਹੱਤਵਪੂਰਣ ਯੋਗਦਾਨ ਦਿੱਤਾ ਹੈ। ਦੂਜੀ ਮਹਾਮਾਰੀ ਨੂੰ ਲੈ ਕੇ ਗਲਤ ਸੂਚਨਾ ਬਾਰੇ ਕੇਂਦਰੀ ਮੰਤਰੀ ਨੇ ਕਿਹਾ ਕਿ ਬਿਨਾਂ ਪੁਸ਼ਟੀ ਵਾਲੇ ਦਾਅਵਿਆਂ ਅਤੇ ਮੀਡੀਆ ਵਿਚ ਪ੍ਰਸਾਰਿਤ ਗਲਤ ਕੰਟੈਂਟ ਨੇ ਲੋਕਾਂ ਵਿਚ ਬਹੁਤ ਜ਼ਿਆਦਾ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਪੱਤਰ ਸੂਚਨਾ ਦਫ਼ਤਰ ਦੀ ਫੈਕਟ ਚੈੱਕ ਯੂਨਿਟ ਦੇ ਸਿਰ ਸਿਹਰਾ ਬੰਨ੍ਹਦਿਆਂ ਉਨ੍ਹਾਂ ਕਿਹਾ ਕਿ ਫਰਜ਼ੀ ਖ਼ਬਰਾਂ ਅਤੇ ਗਲਤ ਸੂਚਨਾਵਾਂ ਦੇ ਇਸ ਖਤਰੇ ਖਿਲਾਫ਼ ਅਸਲੀ ਸਮੇਂ ਦੇ ਆਧਾਰ ’ਤੇ ਮਜਬੂਤ ਲੜਾਈ ਲੜੀ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਆਈ. ਪੀ. ਐੱਸ. ਅਧਿਕਾਰੀਆਂ ਦੀ ਸੀਨੀਓਰਿਟੀ ਲਿਸਟ ’ਚ ਫੇਰਬਦਲ, ਕੇਂਦਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਟੀਕਾਕਰਨ ਦੇ ਲਾਭ ਬਾਰੇ ਸਿੱਖਿਅਤ ਕਰਨ ’ਚ ਮੀਡੀਆ ਨੇ ਅਹਿਮ ਭੂਮਿਕਾ ਨਿਭਾਈ
ਕੋਵਿਡ-19 ਖਿਲਾਫ਼ ਲੜਾਈ ਵਿਚ ਕੇਂਦਰ ਸਰਕਾਰ ਦੀਆਂ ਉਪਲੱਬਧੀਆਂ ਦਾ ਜ਼ਿਕਰ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ 1.3 ਬਿਲੀਅਨ ਆਬਾਦੀ ਦਾ ਟੀਕਾਕਰਨ ਕਰਨਾ ਬੇਹੱਦ ਚੁਣੌਤੀ ਭਰਿਆ ਸੀ, ਪਰ ਸਰਕਾਰ, ਕੋਵਿਡ ਯੋਧਾਵਾਂ ਅਤੇ ਨਾਗਰਿਕ ਸਮਾਜ ਦੇ ਸਾਂਝੇ ਯਤਨਾਂ ਦੇ ਨਤੀਜੇ ਵਜੋਂ ਭਾਰਤ ਨੇ ਆਪਣੀ ਸਾਰੀ ਆਬਾਦੀ ਦਾ ਟੀਕਾਕਰਨ ਪੂਰਾ ਕਰ ਲਿਆ ਹੈ। ਇਸ ਬੋਝ ਨੂੰ ਸਾਂਝਾ ਕਰਨ ਅਤੇ ਸਮੇਂ ਦੀ ਮੰਗ ਅਨੁਸਾਰ ਕਾਰਜ ਕਰਨ ਦਾ ਸਿਹਰਾ ਮੀਡੀਆ ਨੂੰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਯਤਨ ਵਿਚ ਭਾਰਤੀ ਮੀਡੀਆ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਖਿਲਾਫ਼ ਟੀਕਾਕਰਨ ਦੇ ਲਾਭ ਬਾਰੇ ਸਿੱਖਿਅਤ ਕਰਨ ਵਿਚ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਹਾਲਾਂਕਿ ਕੇਂਦਰੀ ਮੰਤਰੀ ਨੇ ਨਾਲ ਹੀ ਇਹ ਵੀ ਕਿਹਾ ਕਿ ਤਕਨੀਕੀ ਤਰੱਕੀ ਚਾਹੇ ਜੋ ਵੀ ਹੋਵੇ ਪਰ ਇਸ ਦੇ ਮੂਲ ਵਿਚ ਹਮੇਸ਼ਾ ਕੰਟੈਂਟ ਦੀ ਪ੍ਰਮਾਣਿਕਤਾ ਹੀ ਰਹੇਗੀ। ਅਸੀਂ ਸੂਚਨਾ ਦੇ ਮੁਕਤ ਪ੍ਰਵਾਹ ਦੇ ਅਧਿਕਾਰ ਬਾਰੇ ਗੱਲ ਕਰ ਸਕਦੇ ਹਾਂ ਪਰ ਸਾਨੂੰ ਸਹੀ ਸੂਚਨਾ ਦੇ ਪ੍ਰਸਾਰ ਦੀ ਲੋੜ ਬਾਰੇ ਵੀ ਗੱਲ ਕਰਨ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਫ਼ੈਸਲਾ , ਕਾਗਜ਼ ਰਹਿਤ ਹੋਵੇਗਾ ਇਸ ਵਾਰ ਦਾ ਬਜਟ    

ਹਾਲ ਵਿਚ ਕਾਨਜ਼ ਵਿਚ ਸਿਨੇਮਾ ਦੇ ਮਾਧਿਅਮ ਨਾਲ ਭਾਰਤੀ ਸਾਫ਼ਟ ਪਾਵਰ ਦੇ ਬਿਹਤਰੀਨ ਪ੍ਰਦਰਸ਼ਨ ਨੂੰ ਯਾਦ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਭਾਰਤੀ ਸਿਨੇਮਾ ਨੇ ਦੁਨੀਆ ਭਰ ਵਿਚ ਲੱਖਾਂ ਲੋਕਾਂ ਦੇ ਦਿਲਾਂ ਨੂੰ ਜਿੱਤਿਆ ਅਤੇ ਭਾਰਤ ਲਈ ਇਕ ਪਹਿਚਾਣ ਹਾਸਲ ਕੀਤੀ। ਇਸ ਤੱਥ ਦੀ ਪੁਸ਼ਟੀ ਇਸ ਫ਼ਿਲਮ ਮਹਾਉਤਸਵ ਵਿਚ ਭਾਰਤ ਦੀਆਂ ਫ਼ਿਲਮਾਂ ਨੂੰ ਫ਼ਿਲਮ ਪ੍ਰੇਮੀਆਂ ਤੋਂ ਮਿਲੀ ਜ਼ਬਰਦਸਤ ਸ਼ਲਾਘਾ ਤੋਂ ਹੁੰਦੀ ਹੈ। ਠਾਕੁਰ ਨੇ ਮੌਜੂਦ ਲੋਕਾਂ ਨੂੰ ਬ੍ਰਿਟਿਸ਼ ਸ਼ਾਸਨ ਤੋਂ ਦੇਸ਼ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਜਸ਼ਨ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਅਸੀਂ ਆਪਣੀ ਇਤਿਹਾਸਿਕ ਨੈਤਿਕਤਾ, ਰਿਵਾਇਤੀ ਮੁੱਲਾਂ, ਸੱਭਿਆਚਾਰਕ ਲੋਕਾਚਾਰ ਨੂੰ ਫਿਰ ਤੋਂ ਜੀ ਰਹੇ ਹਾਂ। ਆਜ਼ਾਦੀ ਲਈ ਸਾਡੇ ਸੁਤੰਤਰਤਾ ਸੈਨਾਨੀਆਂ ਵਲੋਂ ਦਿੱਤੇ ਗਏ ਬਲਿਦਾਨਾਂ ਪ੍ਰਤੀ ਸਾਡੀ ਨੌਜਵਾਨ ਪੀੜ੍ਹੀ ਹੋਰ ਜ਼ਿਆਦਾ ਜਾਗਰੂਕ ਹੋ ਰਹੀ ਹੈ।

ਇਹ ਵੀ ਪੜ੍ਹੋ : ਪਟਿਆਲਾ ਜੇਲ੍ਹ 'ਚ ਬੰਦ ਨਵਜੋਤ ਸਿੱਧੂ ਨੂੰ ਮਿਲਿਆ ਇਹ ਕੰਮ, ਬੈਰਕ 'ਚ ਹੀ ਪਹੁੰਚਣਗੀਆਂ ਫਾਇਲਾਂ    

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News