ਪੁਸਤਕ ''ਨੈਤਿਕਤਾ ਜੀਵਨ ਵਿੱਚ'' ਪੰਜਾਬ ਦੀਆਂ ਲਾਇਬ੍ਰੇਰੀਆਂ ਲਈ ਮੁਫਤ ਦਿੱਤੀ ਜਾਵੇਗੀ : ਚੱਠਾ

Wednesday, Oct 25, 2017 - 06:48 AM (IST)

ਪੁਸਤਕ ''ਨੈਤਿਕਤਾ ਜੀਵਨ ਵਿੱਚ'' ਪੰਜਾਬ ਦੀਆਂ ਲਾਇਬ੍ਰੇਰੀਆਂ ਲਈ ਮੁਫਤ ਦਿੱਤੀ ਜਾਵੇਗੀ : ਚੱਠਾ

ਨਾਭਾ (ਜਗਨਾਰ) - ਪੰਜਾਬੀ ਬਿਜ਼ਨੈੱਸ ਪ੍ਰੋਫੈਸ਼ਨਲ ਐਸੋਸੀਏਸ਼ਨ ਕੈਨੇਡਾ ਵੱਲੋਂ ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਦੀਆਂ ਲਾਇਬ੍ਰੇਰੀਆਂ ਲਈ ਪੁਸਤਕ 'ਨੈਤਿਕਤਾ ਜੀਵਨ ਵਿੱਚ' ਮੁਫਤ ਵੰਡੀ ਜਾਵੇਗੀ। ਇਹ ਜਾਣਕਾਰੀ ਅਜਾਇਬ ਸਿੰਘ ਚੱਠਾ ਚੇਅਰਮੈਨ ਪੰਜਾਬੀ ਬਿਜ਼ਨੈੱਸ ਪ੍ਰੋਫੈਸ਼ਨਲ ਐਸੋਸੀਏਸ਼ਨ ਅਤੇ ਵਰਲਡ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਵੱਲੋਂ ਦਿੱਤੀ ਗਈ। ਇਸ ਸਬੰਧੀ ਉਨ੍ਹਾਂ ਪੰਜਾਬ ਸਰਕਾਰ ਨੂੰ ਲਿਖਤੀ ਬੇਨਤੀ ਭੇਜ ਕੇ ਅਪੀਲ ਕੀਤੀ ਸੀ ਕਿ ਉਪਰੋਕਤ ਪੁਸਤਕ ਸਾਡੀ ਸੰਸਥਾ ਵੱਲੋਂ ਪੰਜਾਬ ਦੇ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਨੂੰ ਨੈਤਿਕਤਾ ਨਾਲ ਜੋੜਨ ਲਈ ਸਹਾਈ ਸਿੱਧ ਹੋ ਸਕਦੀ ਹੈ। ਪੰੰਜਾਬ ਸਰਕਾਰ ਵੱਲੋਂ ਸਬੰਧਤ ਵਿਭਾਗਾਂ ਨੂੰ ਕਿਤਾਬ ਸਬੰਧੀ ਬਣਦੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਨਾਲ ਹੀ ਚੇਅਰਮੈਨ ਅਜਾਇਬ ਸਿੰਘ ਚੱਠਾ ਨੂੰ ਨਿੱਜੀ ਤੌਰ 'ਤੇ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਨ ਲਈ ਵੀ ਆਖਿਆ ਗਿਆ ਹੈ।
ਸ. ਚੱਠਾ ਨੇ ਕਿਹਾ ਕਿ ਜੋ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਵਿਦੇਸ਼ੀ ਧਰਤੀ 'ਤੇ 12 ਮਤੇ ਪਾਸ ਕੀਤੇ ਗਏ ਸਨ, ਉਨ੍ਹਾਂ ਦੀ ਵੀ ਕਾਪੀ ਅਸੀਂ ਪੰਜਾਬ ਸਰਕਾਰ ਨੂੰ ਭੇਜੀ ਹੈ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਖਤਮ ਹੋ ਰਹੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਮੁੜ ਉਜਾਗਰ ਕਰਨ ਲਈ ਅਸੀਂ ਪਿਛਲੇ 2 ਸਾਲਾਂ ਤੋਂ ਪੰਜਾਬ ਅਤੇ ਕੈਨੇਡਾ ਵਿਚ ਯਤਨਸ਼ੀਲ ਹਾਂ। ਇਸ ਕਰ ਕੇ ਚੌਥੀ ਵਿਸ਼ਵ ਕਾਨਫਰੰਸ ਦਾ ਥੀਮ ਵੀ 'ਨੈਤਿਕਤਾ ਪੰਜਾਬੀਆਂ ਵਿੱਚ' ਰੱਖਿਆ ਗਿਆ ਸੀ। ਇਸੇ ਲੜੀ ਤਹਿਤ 'ਨੈਤਿਕਤਾ ਜੀਵਨ ਵਿੱਚ' ਪੁਸਤਕ ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਅਸੀਂ ਇਹ ਯਤਨ ਆਰੰਭਿਆ ਹੈ, ਜਿਸ ਦੇ ਸਾਰਥਕ ਨਤੀਜੇ ਆਉਣ ਸ਼ੁਰੂ ਹੋ ਗਏ ਹਨ। ਅਜਾਇਬ ਸਿੰਘ ਚੱਠਾ ਨੇ ਕਿਹਾ ਕਿ ਸਾਡੇ ਯਤਨ ਇਸੇ ਤਰ੍ਹਾਂ ਜਾਰੀ ਰਹਿਣਗੇ। ਉਨ੍ਹਾਂ ਮੁੱਖ ਮੰਤਰੀ ਦਫਤਰ ਵੱਲੋਂ ਤੁਰੰਤ ਕਾਰਵਾਈ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।


Related News