ਪੀ. ਜੀ. ਆਈ. ਦੀ ਮਹਿਲਾ ਡਾਕਟਰ ਤੋਂ 50 ਹਜ਼ਾਰ ਠੱਗੇ

Wednesday, Apr 12, 2023 - 02:54 PM (IST)

ਪੀ. ਜੀ. ਆਈ. ਦੀ ਮਹਿਲਾ ਡਾਕਟਰ ਤੋਂ 50 ਹਜ਼ਾਰ ਠੱਗੇ

ਚੰਡੀਗੜ੍ਹ (ਸੁਸ਼ੀਲ) : ਕ੍ਰਿਪਟੋ ਟ੍ਰੇਡਿੰਗ ਪਲੇਟਫਾਰਮ 'ਚ ਨਿਵੇਸ਼ ਕਰ ਕੇ ਰਾਸ਼ੀ ਦੁੱਗਣੀ ਕਰਨ ਦਾ ਝਾਂਸਾ ਦੇ ਕੇ ਠੱਗਾਂ ਨੇ ਪੀ. ਜੀ. ਆਈ. ਦੇ ਪਲਾਸਟਿਕ ਸਰਜਰੀ ਵਿਭਾਗ ਦੀ ਮਹਿਲਾ ਡਾਕਟਰ ਕ੍ਰਾਂਤੀ ਕੌਸ਼ਿਕ ਨਾਲ 50800 ਰੁਪਏ ਦੀ ਠੱਗੀ ਕਰ ਲਈ। ਡਾਕਟਰ ਐਪ 'ਚ ਜਮ੍ਹਾਂ ਰੁਪਏ ਕੱਢਵਾਉਣ ਲਈ ਕਹਿਣ ਲੱਗੀ ਤਾਂ ਠੱਗਾਂ ਨੇ ਹੋਰ ਜਮ੍ਹਾਂ ਕਰਵਾਉਣ ਲਈ ਕਿਹਾ। ਮਹਿਲਾ ਡਾਕਟਰ ਨੂੰ ਠੱਗੀ ਦਾ ਅਹਿਸਾਸ ਹੋਇਆ ਅਤੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਡਾ. ਕੌਸ਼ਿਕ ਦੀ ਸ਼ਿਕਾਇਤ ’ਤੇ ਠੱਗਾਂ ’ਤੇ ਮਾਮਲਾ ਦਰਜ ਕਰ ਲਿਆ। ਸੈਕਟਰ-12 ਨਿਵਾਸੀ ਡਾ. ਕ੍ਰਾਂਤੀ ਕੌਸ਼ਿਕ ਨੇ ਸ਼ਿਕਾਇਤ 'ਚ ਦੱਸਿਆ ਕਿ ਉਹ ਪੀ. ਜੀ. ਆਈ. 'ਚ ਪਲਾਸਟਿਕ ਸਰਜਰੀ ਵਿਭਾਗ 'ਚ ਐੱਮ. ਡੀ. ਹਨ।

ਉਹ ਮੋਬਾਇਲ ਫੋਨ ’ਤੇ ਇੰਸਟਾਗ੍ਰਾਮ ਆਈ. ਡੀ. ਚਲਾਉਂਦੀ ਸੀ। ਉਨ੍ਹਾਂ ਦੇ ਇੰਸਟਾਗ੍ਰਾਮ ’ਤੇ ਦੇਵੀਕਾਠ ਮਿੱਤਲ ਵਲੋਂ ਟ੍ਰੇਡਿੰਗ ਸਬੰਧੀ ਮੈਸੇਜ ਆਉਂਦੇ ਰਹਿੰਦੇ ਸਨ। 15 ਮਾਰਚ ਨੂੰ ਟ੍ਰੇਡਿੰਗ ਸਬੰਧੀ ਚੈਟ ਹੋਣ ਲੱਗੀ। ਚੈਟ ਕਰਨ ਵਾਲਿਆਂ ਨੇ ਨਿਵੇਸ਼ ਸਬੰਧੀ ਕ੍ਰਿਪਟੋ ਟ੍ਰੇਡਿੰਗ ਪਲੇਟਫਾਰਮ ਦੱਸਿਆ। ਉਨ੍ਹਾਂ ਕਿਹਾ ਕਿ ਨਿਵੇਸ਼ ਕਰਨ ’ਤੇ ਦੁੱਗਣਾ ਲਾਭ ਹੋਵੇਗਾ। ਚੈਟ ਕਰਨ ਵਾਲਿਆਂ ਨੇ ਡਬਲ ਰਾਸ਼ੀ ਦਾ ਚਾਰਟ ਵੀ ਭੇਜ ਦਿੱਤਾ, ਜਿਸ 'ਚ 10 ਹਜ਼ਾਰ ਦੇ 30 ਹਜ਼ਾਰ ਰੁਪਏ ਦੇਣ ਦੀ ਗੱਲ ਕਹੀ ਗਈ ਸੀ। ਮਹਿਲਾ ਡਾਕਟਰ ਨੇ 15 ਮਾਰਚ ਨੂੰ 20 ਹਜ਼ਾਰ ਰੁਪਏ ਖ਼ਾਤੇ 'ਚ ਟਰਾਂਸਫਰ ਕਰ ਦਿੱਤੇ। ਐਪ ਅੰਦਰ ਉਸ ਵਲੋਂ ਦਿੱਤੇ ਗਏ ਰੁਪਏ ਉਹ ਦੁੱਗਣੇ ਵਿਖਾਉਣ ਲੱਗੇ।

ਚੈਟ ਕਰਨ ਵਾਲਿਆਂ ਨੇ ਕਿਹਾ ਕਿ ਐਪ ਵਾਲੇਟ ਵਿਚੋਂ ਘੱਟੋ-ਘੱਟ 1 ਲੱਖ ਨਿਕਲ ਸਕਦੇ ਹਨ। ਇਸ ਤੋਂ ਬਾਅਦ ਠੱਗਾਂ ਨੇ 30800 ਰੁਪਏ ਫ਼ੀਸ ਜਮ੍ਹਾਂ ਕਰਵਾਉਣ ਦੀ ਗੱਲ ਕਹੀ। ਉਨ੍ਹਾਂ ਨੇ ਪੇ. ਟੀ. ਐੱਮ. ਦੇ ਜ਼ਰੀਏ ਰੁਪਏ ਟਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਠੱਗਾਂ ਨੇ ਦੁਬਾਰਾ ਰੁਪਏ ਮੰਗੇ ਤਾਂ ਦੇਣ ਤੋਂ ਇਨਕਾਰ ਕਰ ਦਿੱਤਾ। ਠੱਗਾਂ ਨੇ ਉਨ੍ਹਾਂ ਨੂੰ ਬਲਾਕ ਕਰ ਦਿੱਤਾ। ਡਾਕਟਰ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਠੱਗੀ ਦਾ ਮਾਮਲਾ ਦਰਜ ਕੀਤਾ ਹੈ।


author

Babita

Content Editor

Related News