ਇਨਕਮ ਟੈਕਸ ਦੇਣ ਵਾਲੇ ਜ਼ਰਾ ਸਾਵਧਾਨ, ਠੱਗ ਨੇ ਰਿਟਰਨਾਂ 'ਚ ਹੇਰਾ-ਫੇਰੀ ਕਰ ਮਾਰੀ ਐਸੀ ਠੱਗੀ ਕੇ ਅਧਿਕਾਰੀ ਵੀ ਹੈਰਾਨ
Sunday, Apr 23, 2023 - 11:16 AM (IST)

ਫਿਰੋਜ਼ਪੁਰ (ਮਲਹੋਤਰਾ, ਖੁੱਲਰ, ਪਰਮਜੀਤ) : ਇਨਕਮ ਟੈਕਸ ਦਾ ਰੀਫੰਡ ਸਮੇਂ ’ਤੇ ਨਾ ਲੈਣ ਵਾਲੇ ਆਮਦਨ ਕਰਦਾਤਾ ਹੁਸ਼ਿਆਰ ਹੋ ਜਾਣ। ਇਕ ਸ਼ਾਤਰ ਠੱਗ ਨੇ ਕੁਝ ਲੋਕਾਂ ਦੇ ਨਾਲ ਮਿਲੀਭੁਗਤ ਕਰ ਕੇ ਐੱਸ. ਪੀ. ਸੀ. ਆਈ. ਡੀ. ਜ਼ੋਨਲ, ਨਗਰ ਕੌਂਸਲ ਫਿਰੋਜ਼ਪੁਰ, ਨਗਰ ਪੰਚਾਇਤ ਮਮਦੋਟ ਅਤੇ ਬੀ. ਡੀ. ਪੀ. ਓ. ਫਿਰੋਜ਼ਪੁਰ ਵਿਭਾਗਾਂ ਦੀਆਂ ਇਨਕਮ ਟੈਕਸ ਰਿਟਰਨਾਂ ਵਿਚ ਹੇਰਾ-ਫੇਰੀ ਕਰ ਕੇ ਕਰੀਬ ਦੋ ਕਰੋੜ ਰੁਪਏ ਦਾ ਘਪਲਾ ਕਰ ਦਿੱਤਾ ਹੈ। ਇਸ ਸਬੰਧੀ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਕੈਂਟ ਪੁਲਸ ਨੇ ਉਕਤ ਸ਼ਾਤਰ ਠੱਗ ਪ੍ਰਿੰਸ ਚੋਪੜਾ ਅਤੇ ਉਸਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਨਸ਼ੇ ਨੇ ਇਕ ਹੋਰ ਘਰ ’ਚ ਪਵਾਏ ਵੈਣ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਸੁੱਖਾਂ ਸੁੱਖ ਮੰਗਿਆ ਪੁੱਤ
ਥਾਣਾ ਕੈਂਟ ਦੀ ਐੱਸ. ਆਈ. ਅਮਨਦੀਪ ਕੌਰ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਵਾਰਡ 23 ਫਿਰੋਜ਼ਪੁਰ ਦੇ ਆਈ. ਟੀ. ਓ. ਨਰੇਸ਼ ਕੁਮਾਰ ਬਾਂਸਲ ਨੇ ਸ਼ਿਕਾਇਤ ਦਿੱਤੀ ਹੈ ਕਿ ਪ੍ਰਿੰਸ ਚੋਪੜਾ ਪੁੱਤਰ ਪ੍ਰਵੇਸ਼ ਚੋਪੜਾ ਵਾਸੀ ਫਿਰੋਜ਼ਪੁਰ ਸ਼ਹਿਰ ਲੋਕਾਂ ਦੀਆਂ ਆਮਦਨ ਕਰ ਰਿਟਰਨਾਂ ਫਾਈਲ ਕਰਨ ਦਾ ਕੰਮ ਕਰਦਾ ਸੀ। ਉਕਤ ਵਿਅਕਤੀ ਨੇ ਕੁਝ ਹੋਰਨਾਂ ਲੋਕਾਂ ਦੇ ਨਾਲ ਮਿਲੀਭੁਗਤ ਕਰ ਕੇ ਉਕਤ ਵਿਭਾਗਾਂ ਦੀਆਂ ਵਿੱਤੀ ਸਾਲ 2021-21 ਅਤੇ 2021-22 ਦੀਆਂ ਆਮਦਨ ਕਰ ਰਿਟਰਨਾਂ ’ਚ ਲੋਕਾਂ ਦੇ ਦਰਜ ਪੈਨ ਕਾਰਡ ਨੰਬਰ ਬਦਲ ਕੇ ਉਥੇ ਆਪਣੇ ਲੋਕਾਂ ਦੇ ਪੈਨ ਨੰਬਰ ਅਪਡੇਟ ਕਰ ਕੇ ਆਮਦਨ ਕਰ ਵਿਭਾਗ ਦੀਆਂ ਅੱਖਾਂ ’ਚ ਘੱਟਾ ਪਾ ਕੇ ਕਰੀਬ ਦੋ ਕਰੋੜ ਰੁਪਏ ਦਾ ਰੀਫੰਡ ਲੈ ਲਿਆ ਹੈ।
ਇਹ ਵੀ ਪੜ੍ਹੋ- ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ: ਫਿਰੋਜ਼ਪੁਰ ਦਿਹਾਤੀ ਦੀ ਸਾਬਕਾ ਵਿਧਾਇਕਾ ਘਰ ਪੁੱਜੀ ਵਿਜੀਲੈਂਸ ਟੀਮ
ਸੂਤਰ ਦੱਸਦੇ ਹਨ ਕਿ ਆਮਦਨ ਕਰ ਵਿਭਾਗ ਨੇ ਉਕਤ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਬਠਿੰਡਾ ਦਫ਼ਤਰ ਬੁਲਾ ਕੇ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਇਹ ਆਪਣੀ ਕਿਸਮ ਦਾ ਵੱਖਰਾ ਹੀ ਮਾਮਲਾ ਦੱਸਿਆ ਜਾ ਰਿਹਾ ਹੈ। ਪੁਲਸ ਦੇ ਉੱਚ ਅਧਿਕਾਰੀ ਅਤੇ ਆਮਦਨ ਕਰ ਵਿਭਾਗ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜਿਨ੍ਹਾਂ ਲੋਕਾਂ ਦੇ ਇਨਕਮ ਟੈਕਸ ਦੇ ਰੀਫੰਡ ਇਹ ਸ਼ਾਤਰ ਠੱਗ ਹਜ਼ਮ ਕਰ ਗਿਆ ਹੈ, ਉਨਾਂ ਲੋਕਾਂ ਨੂੰ ਹੁਣ ਰੀਫੰਡ ਕੌਣ ਅਦਾ ਕਰੇਗਾ?
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।