''ਮੈਂ ਤੁਹਾਡੀ ਲਿਮਟ ਮੁਆਫ਼ ਕਰਵਾ ਦਿੰਦਾ...'' ਕਹਿ ਕੇ ਕਿਸਾਨਾਂ ਨਾਲ ਮਾਰ ਲਈ ਲੱਖਾਂ ਦੀ ਠੱਗੀ

Tuesday, Dec 24, 2024 - 10:13 PM (IST)

''ਮੈਂ ਤੁਹਾਡੀ ਲਿਮਟ ਮੁਆਫ਼ ਕਰਵਾ ਦਿੰਦਾ...'' ਕਹਿ ਕੇ ਕਿਸਾਨਾਂ ਨਾਲ ਮਾਰ ਲਈ ਲੱਖਾਂ ਦੀ ਠੱਗੀ

ਮਲੋਟ (ਜੁਨੇਜਾ)- ਥਾਣਾ ਲੰਬੀ ਦੀ ਪੁਲਸ ਨੇ ਇਕ ਵਿਅਕਤੀ ਵਲੋਂ ਬੈਂਕ ਦੀਆਂ ਲਿਮਟਾਂ ਮੁਆਫ਼ ਕਰਾਉਣ ਦੀ ਆੜ ਹੇਠ ਕਿਸਾਨਾਂ ਨਾਲ ਲੱਖਾਂ ਦੀ ਠੱਗੀ ਮਾਰਨ ਤੇ ਜਾਅਲੀ ਐੱਨ.ਓ.ਸੀ. ਦੇਣ ਸਮੇਤ ਲੱਗੇ ਦੋਸ਼ਾਂ ਦੀ ਜਾਂਚ ਉਪਰੰਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਇਸ ਮਾਮਲੇ ’ਚ ਨਾਮਜ਼ਦ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।

ਇਸ ਸਬੰਧੀ ਸੁਖਰਾਜ ਸਿੰਘ ਪੁੱਤਰ ਜਗਵੰਤ ਸਿੰਘ ਵਾਸੀ ਖੁੱਡੀਆਂ ਮਹਾਂ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਕਿ ਉਸ ਦੀ ਆਪਣੇ ਭਰਾ ਗੁਰਰਾਜ ਸਿੰਘ ਨਾਲ ਸਾਂਝੀ ਜ਼ਮੀਨ ਹੈ। ਮੁੱਦਈ ਦੀ ਜਾਣ-ਪਛਾਣ 11-12 ਸਾਲ ਪਹਿਲਾਂ ਗੁਰਵਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਮਿਠੜੀ ਬੁੱਧਗਿਰ ਨਾਲ ਹੋਈ, ਜਿਸ ਨੇ ਆਪਣੇ ਆਪ ਨੂੰ ਐੱਚ.ਡੀ.ਐੱਫ.ਸੀ. ਬੈਂਕ ਦੀ ਬਾਦਲ ਬ੍ਰਾਂਚ ਦਾ ਮੁਲਾਜ਼ਮ ਦੱਸਿਆ।

ਸਾਲ 2014 ’ਚ ਉਸ ਨੇ ਗੁਰਵਿੰਦਰ ਸਿੰਘ ਦੇ ਕਹਿਣ ’ਤੇ ਆਪਣੇ ਭਰਾ ਨਾਲ ਸਾਂਝੀ ਜ਼ਮੀਨ ’ਤੇ 23 ਲੱਖ ਦੀ ਲਿਮਟ ਬਣਵਾ ਦਿੱਤੀ। ਇਹ ਲਿਮਟ ਐੱਚ.ਡੀ.ਐੱਫ.ਸੀ. ਬੈਂਕ ਬਾਦਲ ਤੋਂ ਬਣਵਾਈ ਤੇ ਇਸ ਲਈ ਮੁੱਦਈ ਤੇ ਉਸ ਦੇ ਭਰਾ ਨੇ 80 ਕਨਾਲ 18 ਮਰਲੇ ਜ਼ਮੀਨ ਬੈਂਕ ਕੋਲ ਲਿਖਾ ਦਿੱਤੀ। ਇਸ ਸਬੰਧੀ ਮੁੱਦਈ ਆਪਣੀ ਲਿਮਟ ਦੀ ਵਿਆਜ ਭਰਦਾ ਰਿਹਾ।

ਇਹ ਵੀ ਪੜ੍ਹੋ- ਬੰਨ੍ਹ ਕੇ ਰੱਖਦਾ ਸੀ ਪਰਿਵਾਰ, ਰੱਸੀਆਂ ਤੋੜ ਕੇ ਹੋਈ ਫ਼ਰਾਰ ਤਾਂ ਆ ਗਈ ਟ੍ਰੇਨ ਹੇਠਾਂ ਆ ਗਈ ਔਰਤ

2022 ’ਚ ਗੁਰਵਿੰਦਰ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਲਿਮਟ ਦੇ ਸਾਰੇ ਪੈਸੇ ਭਰ ਦੇਵੇ। ਜਦੋਂ ਮੁੱਦਈ ਨੇ ਕਿਹਾ ਕਿ ਉਹ ਇੰਨੇ ਪੈਸੇ ਇਕੱਠੇ ਭਰਨ ਤੋਂ ਅਸਮਰੱਥ ਹੈ ਤਾਂ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਬੈਂਕ ਦੇ ਕੰਮਕਾਜ ਤੇ ਅਧਿਕਾਰੀਆਂ ਨਾਲ ਵਾਕਫੀਅਤ ਹੈ। ਤੁਸੀਂ 6 ਲੱਖ ਰੁਪਏ ਦਿਉ ਮੈਂ ਤੁਹਾਨੂੰ ਐੱਨ.ਓ.ਸੀ. ਲਿਆ ਕੇ ਬੈਂਕ ਕੋਲ ਲਿਖਾਈ ਜ਼ਮੀਨ ਨੂੰ ਮੁਕਤ ਕਰਾ ਦੇਵਾਗਾਂ।

ਉਕਤ ਵਿਅਕਤੀ ਨੇ ਮੇਰੇ ਕੋਲੋਂ 6 ਲੱਖ ਰੁਪਏ ਲੈ ਕੇ ਮੇਰੇ ਖਾਤੇ ਨਾਲ ਸਬੰਧਤ ਇਕ ਐੱਨ.ਓ.ਸੀ. ਸਰਟੀਫਿਕੇਟ ਭੇਜ ਦਿੱਤਾ, ਜਿਸ ਤੋਂ ਬਾਅਦ ਮੁੱਦਈ ਸਖਰਾਜ ਸਿੰਘ ਦੇ ਚਾਚੇ ਦੇ ਪੁੱਤਰ ਭਰਾ ਗਮਦੂਰ ਸਿੰਘ ਪੁੱਤਰ ਹਰਬੰਤ ਸਿੰਘ, ਸਤਪਾਲ ਸਿੰਘ ਵਾਸੀ ਲੰਬੀ, ਨਛੱਤਰ ਸਿੰਘ ਵਾਸੀ ਰਥੜੀਆਂ ਤੇ ਢਾਂਬਾ ਕੋਕਰੀਆਂ ਦੇ ਇਕ ਵਿਅਕਤੀ ਸਮੇਤ 4 ਹੋਰ ਜਣਿਆਂ ਤੋਂ ਵੀ ਗੁਰਵਿੰਦਰ ਸਿੰਘ ਨੂੰ 6-6 ਲੱਖ ਰੁਪਏ ਦੇ ਲੈਕੇ ਉਨ੍ਹਾਂ ਨੂੰ ਉਸ ਨੇ ਇਹ ਝਾਂਸਾ ਦਿੱਤਾ ਕਿ ਉਨ੍ਹਾਂ ਦੀ ਵੀ ਲਿਮਟ ਮੁਆਫ਼ ਕਰ ਦੇਵਾਂਗਾ।

ਸੁਖਰਾਜ ਸਿੰਘ ਅਨੁਸਾਰ ਬਾਅਦ ’ਚ ਪਤਾ ਲੱਗਾ ਕਿ ਐੱਨ.ਓ.ਸੀ. ਵੀ ਜਾਅਲੀ ਹੈ ਤੇ ਨਾ ਹੀ ਉਨ੍ਹਾਂ ’ਚੋਂ ਕਿਸੇ ਦੀ ਜ਼ਮੀਨ ਬੈਂਕ ਤੋਂ ਮੁਕਤ ਹੋਈ। ਜ਼ਿਕਰਯੋਗ ਹੈ ਕਿ ਇਨ੍ਹਾਂ ਠੱਗੀਆਂ ਦੇ ਸ਼ਿਕਾਰ ਹੋਏ ਕਿਸਾਨਾਂ ’ਚੋਂ ਇਕ ਕਿਸਾਨ ਨਛੱਤਰ ਸਿੰਘ ਵਾਸੀ ਰਥੜੀਆ ਦੀ ਮੌਤ ਹੋ ਚੁੱਕੀ ਹੈ। ਇਸ ਮਾਮਲੇ ’ਚ ਲੰਬੀ ਪੁਲਸ ਨੇ ਗੁਰਵਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਮਿਠੜੀ ਬੁੱਧਗਿਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ ; ਟ੍ਰੇਨ ਦੀ ਲਪੇਟ 'ਚ ਆਉਣ ਕਾਰਨ ਧੜ ਤੋਂ ਵੱਖ ਹੋ ਗਈ ਧੌਣ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News