ਵਿਧਵਾ ਔਰਤ ਦੇ ਬੈਂਕ ਖਾਤੇ ''ਚ ਹੈਕਰਾਂ ਨੇ ਲਾਈ ਸੰਨ੍ਹ, FD ਤੋੜ ਕੇ ਮਾਰੀ ਲੱਖਾਂ ਦੀ ਠੱਗੀ

Monday, Aug 05, 2024 - 04:14 AM (IST)

ਵਿਧਵਾ ਔਰਤ ਦੇ ਬੈਂਕ ਖਾਤੇ ''ਚ ਹੈਕਰਾਂ ਨੇ ਲਾਈ ਸੰਨ੍ਹ, FD ਤੋੜ ਕੇ ਮਾਰੀ ਲੱਖਾਂ ਦੀ ਠੱਗੀ

ਭਵਾਨੀਗੜ੍ਹ (ਕਾਂਸਲ)- ਨੇੜਲੇ ਪਿੰਡ ਬਾਲਦ ਕਲਾਂ ਦੀ ਇੱਕ ਵਿਧਵਾ ਔਰਤ ਦੇ ਇਕ ਪ੍ਰਾਈਵੇਟ ਬੈਂਕ ਵਿਚਲੇ ਬੱਚਤ ਖ਼ਾਤੇ ਵਿਚੋਂ ਹੈਕਰਾਂ ਵੱਲੋਂ 6 ਲੱਖ 42 ਹਜ਼ਾਰ ਰੁਪਏ ਦੀ ਨਕਦੀ 'ਤੇ ਹੱਥ ਸਾਫ਼ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ। ਜਿਸ ਸਬੰਧੀ ਖਾਤਾਧਾਰਕ ਵਿਧਵਾ ਔਰਤ ਦੀ ਲੜਕੀ ਵੱਲੋਂ ਜ਼ਿਲ੍ਹਾ ਪੁਲਸ ਮੁਖੀ ਨੂੰ ਲਿਖਤੀ ਸ਼ਿਕਾਇਤ ਦਿੰਦਿਆਂ ਠੱਗਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਖਾਤਾਧਾਰਕ ਵਿਧਵਾ ਔਰਤ ਕਰਮਜੀਤ ਕੌਰ ਪਤਨੀ ਸਵ: ਰਾਮ ਸਿੰਘ ਵਾਸੀ ਪਿੰਡ ਬਾਲਦ ਕਲਾਂ ਦੀ ਵਸਨੀਕ ਦੀਪਇੰਦਰ ਕੌਰ ਨੇ ਦੱਸਿਆ ਕਿ ਉਸ ਦੀ ਮਾਤਾ ਦਾ ਬਚਤ ਖਾਤਾ ਇਕ ਪ੍ਰਾਈਵੇਟ ਬੈਂਕ ਦੀ ਭਵਾਨੀਗੜ੍ਹ ਬ੍ਰਾਂਚ ’ਚ ਹੈ ਅਤੇ ਉਸ ਦੇ ਖਾਤੇ ’ਚ 8 ਲੱਖ 93 ਹਜਾਰ ਰੁਪਏ ਦੇ ਕਰੀਬ ਦੀ ਰਾਸ਼ੀ ਜਮ੍ਹਾ ਸੀ। ਉਨ੍ਹਾਂ ਦੱਸਿਆ ਕਿ ਲੰਘੀ 31 ਜੁਲਾਈ 2024 ਦੀ ਸ਼ਾਮ ਨੂੰ ਉਨ੍ਹਾਂ ਦੇ ਮੋਬਾਈਲ ਫ਼ੋਨ ’ਤੇ ਤਿੰਨ ਸੰਦੇਸ਼ ਆਏ, ਜਿਨ੍ਹਾਂ ’ਚ ਉਨ੍ਹਾਂ ਦੀ ਮਾਤਾ ਦੇ ਖ਼ਾਤੇ ਵਿੱਚੋਂ ਵੱਖ-ਵੱਖ ਟਰਾਂਜ਼ੈਕਸ਼ਨਾਂ ਰਾਹੀਂ 1 ਲੱਖ 42 ਹਜ਼ਾਰ ਰੁਪਏ ਦੀ ਰਾਸ਼ੀ ਹੋਰ ਖਾਤਿਆਂ ’ਚ ਟ੍ਰਾਂਸਫਰ ਹੋਣ ਸਬੰਧੀ ਸੂਚਨਾ ਸੀ। ਪਰ ਉਨ੍ਹਾਂ ਵੱਲੋਂ ਕਿਸੇ ਦੇ ਵੀ ਖਾਤੇ ’ਚ ਇਹ ਰਾਸ਼ੀ ਟ੍ਰਾਂਸਫਰ ਨਹੀਂ ਕੀਤੀ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਨਾਲ ਠੱਗੀ ਹੋਣ ਦਾ ਅਹਿਸਾਸ ਹੋਣ ’ਤੇ ਉਨ੍ਹਾਂ ਤਰੁੰਤ ਬੈਂਕ ਦੀ ਇੱਕ ਮਹਿਲਾ ਅਧਿਕਾਰੀ ਦੇ ਫ਼ੋਨ ਨੰਬਰ ’ਤੇ ਕਾਲ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਆਪਣੇ ਖ਼ਾਤੇ ਨੂੰ ਫ੍ਰੀਜ਼ ਕਰਵਾਉਣ ਲਈ ਬੇਨਤੀ ਕੀਤੀ। 

ਇਸ ਦੌਰਾਨ ਉਕਤ ਮਹਿਲਾ ਅਧਿਕਾਰੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਖਾਤੇ ’ਚ ਬਕਾਇਆ ਰਹਿੰਦੀ ਤੁਹਾਡੀ ਰਾਸ਼ੀ ਦੀ ਅਸੀਂ ਐੱਫ.ਡੀ. ਕਰ ਦਿੰਦੇ ਹਾਂ, ਜਿਸ ਨਾਲ ਤੁਹਾਡੀ ਬਾਕੀ ਰਾਸ਼ੀ ਸੁਰੱਖਿਅਤ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਲੇ ਹੀ ਦਿਨ ਉਹ ਬੈਂਕ ਦੀ ਬ੍ਰਾਂਚ ’ਚ ਗਏ ਤੇ ਅਧਿਕਾਰੀਆਂ ਨੂੰ ਆਪਣਾ ਖ਼ਾਤਾ ਫ੍ਰੀਜ਼ ਕਰਨ ਦੀ ਬੇਨਤੀ ਕੀਤੀ ਪਰ ਬੈਂਕ ਅਧਿਕਾਰੀਆ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਖ਼ਾਤੇ ’ਚ ਬਕਾਇਆ ਪਈ 7 ਲੱਖ ਰੁਪਏ ਦੀ ਬੈਂਕ ਨੇ ਐੱਫ.ਡੀ. ਕਰ ਦਿੱਤੀ ਹੈ ਤੇ ਹੁਣ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ। ਜਿਸ ਤੋਂ ਬਾਅਦ ਉਹ ਇਸ ਘਟਨਾ ਦੀ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਨੂੰ ਸ਼ਿਕਾਇਤ ਦੇ ਕੇ ਵਾਪਸ ਆਪਣੇ ਘਰ ਆ ਗਏ। 

ਇਹ ਵੀ ਪੜ੍ਹੋ- ਸਾਥੀ ਨੂੰ ਨਹਿਰ 'ਚ ਡੁੱਬਦਾ ਦੇਖ ਭੱਜ ਗਏ ਦੋਸਤ, 11ਵੀਂ ਦੇ ਵਿਦਿਆਰਥੀ ਦੀ ਤੜਫ਼-ਤੜਫ਼ ਕੇ ਹੋਈ ਦਰਦਨਾਕ ਮੌਤ

ਪਰ ਲੰਘੀ 1 ਅਗਸਤ ਦੀ ਰਾਤ ਨੂੰ ਉਸ ਸਮੇਂ ਉਨ੍ਹਾਂ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ ਜਦੋਂ ਰਾਤ ਦੇ ਕਰੀਬ ਸਵਾ ਅੱਠ ਵਜੇ ਉਨ੍ਹਾਂ ਦੇ ਮੋਬਾਇਲ ਫੋਨ ’ਤੇ ਫਿਰ ਸੰਦੇਸ਼ ਆਇਆ ਕਿ ਉਸ ਦੀ ਮਾਤਾ ਦੇ ਖਾਤੇ ’ਚੋਂ ਕਿਸੇ ਨੇ ਬੈਂਕ ਦੀ ਐੱਫ.ਡੀ. ਨੂੰ ਤੋੜ ਕੇ 5 ਲੱਖ ਰੁਪਏ ਦੀ ਰਾਸ਼ੀ ਮਹਾਰਾਸ਼ਟਰ ਦੀ ਕਿਸੇ ਬੈਂਕ ਦੇ ਖਾਤੇ ’ਚ ਟ੍ਰਾਂਸਫਰ ਕਰ ਲਈ ਹੈ। ਇਸ ਤਰ੍ਹਾਂ ਉਨ੍ਹਾਂ ਦੇ ਖਾਤੇ ’ਚੋਂ ਫਿਰ ਕਿਸੇ ਵੱਲੋਂ ਵੱਡੀ ਰਕਮ ਦੀ ਠੱਗੀ ਕਰ ਲੈਣ ਸਬੰਧੀ ਉਨ੍ਹਾਂ ਵੱਲੋਂ ਫਿਰ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਨੂੰ ਇਸ ਸਬੰਧੀ ਇਕ ਹੋਰ ਲਿਖਤੀ ਸ਼ਿਕਾਇਤ ਦਿੱਤੀ ਗਈ ਤੇ ਇਸ ਦੀ ਜਾਣਕਾਰੀ ਬੈਂਕ ਦੀ ਬ੍ਰਾਂਚ ਦੇ ਅਧਿਕਾਰੀਆਂ ਨੂੰ ਵੀ ਦਿੱਤੀ ਗਈ। ਦੀਪਇੰਦਰ ਕੌਰ ਨੇ ਬਹੁਤ ਹੀ ਦੁਖੀ ਤੇ ਭਰੇ ਮਨ ਨਾਲ ਦੱਸਿਆ ਕਿ ਪਿਤਾ ਦੀ ਮੌਤ ਹੋ ਜਾਣ ਕਾਰਨ ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਪਹਿਲਾਂ ਹੀ ਉੱਠ ਚੱਕਿਆ ਹੈ ਤੇ ਹੁਣ ਉਸ ਦੀ ਮਾਤਾ ਵੀ ਜ਼ਿਆਦਾ ਬੀਮਾਰ ਹੋਣ ਕਾਰਨ ਮੰਜੇ 'ਤੇ ਪਈ ਹੈ। ਇਸ ਲਈ ਉਸ ਨੇ ਜ਼ਿਲ੍ਹਾ ਪੁਲਸ ਮੁਖੀ ਤੋਂ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਨਾਲ ਲੱਖਾਂ ਰੁਪਈਆਂ ਦੀ ਠੱਗੀ ਲਗਾਉਣ ਵਾਲੇ ਇਨ੍ਹਾਂ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੀ ਰਾਸ਼ੀ ਵਾਪਸ ਕਰਵਾਈ ਜਾਵੇ।

ਇਸ ਸਬੰਧੀ ਪ੍ਰਾਈਵੇਟ ਬੈਂਕ ਦੇ ਮੈਨੇਜ਼ਰ ਰਾਜੀਵ ਸਿੰਗਲਾ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਸ ਬੈਂਕ ਦੀ ਕੋਈ ਗਲਤੀ ਨਹੀਂ। ਪਰ ਫਿਰ ਵੀ ਬੈਂਕ ਵੱਲੋਂ ਉਕਤ ਮਹਿਲਾ ਨਾਲ ਹੋਈ ਠੱਗੀ ਦੀ ਇਸ ਘਟਨਾ ’ਚ ਮਹਿਲਾ ਨੂੰ ਇਨਸਾਫ਼ ਦਵਾਉਣ ਅਤੇ ਰਾਸ਼ੀ ਵਾਪਸ ਕਰਵਾਉਣ ਲਈ ਬੈਂਕ ਵੱਲੋਂ ਪੂਰੇ ਯਤਨ ਕੀਤੇ ਜਾ ਰਹੇ ਹਨ। ਜਿਸ ਸਬੰਧੀ ਉਨ੍ਹਾਂ ਵੱਲੋਂ ਆਪਣੀ ਬੈਂਕ ਦੇ ਵਿਸ਼ੇਸ਼ ਸੈੱਲ ਨੂੰ ਇਸ ਸਬੰਧੀ ਸ਼ਿਕਾਇਤ ਕਰਨ ਦੇ ਨਾਲ ਨਾਲ 5 ਲੱਖ ਰੁਪਏ ਦੀ ਰਾਸ਼ੀ ਟ੍ਰਾਂਸਫਰ ਹੋਣ ਵਾਲੇ ਮਹਾਰਾਸ਼ਟਰ ਦੀ ਬੈਂਕ ਦੀ ਸਬੰਧਤ ਬ੍ਰਾਂਚ ਨੂੰ ਈਮੇਲ ਰਾਹੀ ਸ਼ਿਕਾਇਤ ਭੇਜ ਕੇ ਠੱਗੀ ਦੇ ਮਾਮਲੇ ਦੀ ਸਾਰੀ ਜਾਣਕਾਰੀ ਦਿੰਦਿਆਂ ਉਸ ਖਾਤੇ ਨੂੰ ਫ੍ਰੀਜ਼ ਕਰਨ ਸਬੰਧੀ ਕਿਹਾ ਹੈ। ਬੈਂਕ ਮੈਨੇਜ਼ਰ ਨੇ ਦੱਸਿਆ ਕਿ ਪਰਿਵਾਰ ਦੇ ਕਿਸੇ ਮੈਂਬਰ ਵੱਲੋਂ ਬੈਂਕ ਖਾਤੇ ਦੀ ਜਾਣਕਾਰੀ ਉਸੇ ਮੋਬਾਈਲ ਫੋਨ ਰਾਹੀ ਕਿਸੇ ਨਾਲ ਸ਼ੇਅਰ ਕਰਨ ਕਾਰਨ ਇਹ ਠੱਗੀ ਦੀ ਘਟਨਾ ਹੋਈ ਹੈ, ਜਿਸ ਦੇ ਤਹਿਤ ਹੈਕਰਾਂ ਵੱਲੋਂ ਉਕਤ ਮਹਿਲਾ ਦੇ ਮੋਬਾਇਲ ਫੋਨ ਨੂੰ ਹੈਕ ਕਰ ਕੇ ਨੈੱਟ ਬੈਂਕਿੰਗ ਦੀ ਪ੍ਰਣਾਲੀ ਰਾਹੀ ਇਨ੍ਹਾਂ ਦੇ ਖਾਤੇ ’ਚੋਂ ਐੱਫ.ਡੀ. ਤੋੜ ਕੇ ਇਹ ਰਾਸ਼ੀ ਆਪਣੇ ਕਿਸੇ ਖਾਤੇ ’ਚ ਟ੍ਰਾਂਸਫਰ ਕੀਤੀ ਗਈ।

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਉਜਾੜ'ਤਾ ਹੱਸਦਾ-ਖੇਡਦਾ ਪਰਿਵਾਰ, ਪਿਓ-ਪੁੱਤ ਨੇ ਇਕੱਠਿਆਂ ਦੁਨੀਆ ਨੂੰ ਕਿਹਾ ਅਲਵਿਦਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News