ਨੌਜਵਾਨ ਨੇ ਫ਼ੌਜੀ ਪੋਸਟ 'ਤੇ ਰਾਈਫਲ ਫੜ ਚਾਈਂ-ਚਾਈਂ ਕੀਤੀ 'ਨੌਕਰੀ', ਜਦ ਸਾਹਮਣੇ ਆਇਆ ਸੱਚ ਤਾਂ ਉੱਡੇ ਹੋਸ਼

Wednesday, Nov 23, 2022 - 06:42 PM (IST)

ਨੌਜਵਾਨ ਨੇ ਫ਼ੌਜੀ ਪੋਸਟ 'ਤੇ ਰਾਈਫਲ ਫੜ ਚਾਈਂ-ਚਾਈਂ ਕੀਤੀ 'ਨੌਕਰੀ', ਜਦ ਸਾਹਮਣੇ ਆਇਆ ਸੱਚ ਤਾਂ ਉੱਡੇ ਹੋਸ਼

ਪਠਾਨਕੋਟ- ਗਾਜ਼ੀਆਬਾਦ ਦੇ ਰਹਿਣ ਵਾਲੇ 2 ਨੌਜਵਾਨਾਂ ਨੂੰ ਆਰਮੀ ਵਿਚ ਭਰਤੀ ਕਰਵਾਉਣ ਦੇ ਨਾਂ 'ਤੇ 3 ਲੋਕਾਂ ਨੇ 16 ਲੱਖ ਠੱਗ ਲਏ। ਠੱਗਾਂ ਨੇ ਨਾ ਸਿਰਫ਼ ਉਨ੍ਹਾਂ ਨੂੰ ਫਰਜ਼ੀ ਨਿਯੁਕਤੀ ਪੱਤਰ, ਪਛਾਣ ਪੱਤਰ ਅਤੇ ਵਰਦੀ ਦਿੱਤੀ ਸਗੋਂ 1 ਦਿਨ ਉਨ੍ਹਾਂ ਨੂੰ ਰਾਈਫਲ ਦੇ ਨਾਲ ਡਿਊਟੀ ਵੀ ਕਰਵਾਈ। ਉਕਤ ਨੌਜਵਾਨ ਨੇ ਸਮਝਦਾਰੀ ਦੇ ਨਾਲ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ ਵਿਚੋਂ  ਨਿਕਲ ਕੇ ਉੱਤਰ ਪ੍ਰਦੇਸ਼ ਜਾ ਕੇ ਦੋਸ਼ੀਆਂ ਖ਼ਿਲਾਫ਼ ਸ਼ਿਕਾਇਤ ਦਿੱਤੀ ਤਾਂ ਪੁਲਸ ਨੇ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। 

ਗਾਜ਼ੀਆਬਾਦ ਪੁਲਸ ਨੇ ਮਾਮਲੇ ਵਿਚ ਮੁਜ਼ੱਫਰਨਗਰ ਵਾਸੀ ਰਾਹੁਲ, ਖ਼ੁਦ ਨੂੰ ਆਰਮੀ ਦਾ ਅਧਿਕਾਰੀ ਦੱਸਣ ਵਾਲੇ ਬਿੱਟੂ ਅਤੇ ਰਾਜਾ ਨੂੰ ਨਾਮਜ਼ਦ ਕੀਤਾ ਹੈ। ਪੁਲਸ  ਨੂੰ ਦਿੱਤੀ ਸ਼ਿਕਾਇਤ ਵਿਚ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਾਸੀ ਮਨੋਜ ਕੁਮਾਰ ਨੇ ਦੱਸਿਆ ਕਿ ਉਹ ਆਰਮੀ ਵਿਚ ਭਰਤੀ ਦੀ ਤਿਆਰੀ ਕਰ ਰਿਹਾ ਸੀ। 2019 ਵਿਚ ਇਸੇ ਸਬੰਧੀ ਉਹ ਫੈਜ਼ਾਬਾਦ ਵਿਚ ਭਰਤੀ ਵੇਖਣ ਲਈ ਗਿਆ। ਉਥੇ ਉਸ ਦੀ ਮੁਲਾਕਾਤ ਮੁਜ਼ੱਫਰਨਗਰ ਦੇ ਰਾਹੁਲ ਨਾਲ ਹੋਈ। ਇਕ ਸਾਲ ਬਾਅਦ ਉਸ ਨੂੰ ਰਾਹੁਲ ਦਾ ਫੋਨ ਆਇਆ ਕਿ ਉਹ 8 ਲੱਖ ਖ਼ਰਚ ਕਰੇ ਤਾਂ ਆਰਮੀ ਵਿਚ ਨੌਕਰੀ ਦਿਵਾ ਸਕਦਾ ਹੈ। ਮਨੋਜ ਨੇ ਸ਼ਿਕਾਇਤ ਵਿਚ ਦੱਸਿਆ ਕਿ ਜਦੋਂ ਉਸ ਨੇ ਪੈਸੇ ਦੇਣ ਦੀ ਗੱਲ ਕੀਤੀ ਤਾਂ ਰਾਹੁਲ ਨੇ ਉਸ ਨੂੰ ਨਿਯੁਕਤੀ ਪੱਤਰ ਭੇਜਿਆ, ਜਿਸ ਤੋਂ ਬਾਅਦ ਉਸ ਦੇ ਇਕ ਹੋਰ ਦੋਸਤ ਨੇ ਵੀ 8 ਲੱਖ ਦੇ ਕੇ ਭਰਤੀ ਹੋਣ ਦੀ ਇੱਛਾ ਜਤਾਈ ਤਾਂ ਰਾਹੁਲ ਨੇ ਵੀ ਉਸ ਨੂੰ ਨਿਯੁਕਤੀ ਪੱਤਰ ਭੇਜ ਦਿੱਤਾ। ਮਨੋਜ ਨੇ ਦੱਸਿਆ ਕਿ ਉਸ ਨੇ ਰਾਹਲ ਨੂੰ 6 ਲੱਖ ਉਸ ਦੇ ਖ਼ਾਤੇ ਵਿਚ ਹੋਰ 10 ਲੱਖ ਨਕਦੀ ਦਿੱਤੇ ਸਨ। 

ਇਹ ਵੀ ਪੜ੍ਹੋ :  ਗੰਨ ਕਲਚਰ 'ਤੇ ਪੰਜਾਬ ਪੁਲਸ ਦੀ ਸਖ਼ਤੀ, 9 ਦਿਨਾਂ ਦੇ ਅੰਦਰ ਸੂਬੇ 'ਚ 800 ਤੋਂ ਵਧੇਰੇ ਲਾਇਸੈਂਸ ਕੀਤੇ ਰੱਦ

ਉਸ ਨੇ ਅੱਗੇ ਦੱਸਿਆ ਕਿ ਟ੍ਰੇਨਿੰਗ ਦੇ ਨਾਂ 'ਤੇ ਉਸ ਨੂੰ ਪਠਾਨਕੋਟ ਟ੍ਰਾਂਜਿਟ ਕੈਂਪ ਵਿਚ ਆਉਣ ਨੂੰ ਕਿਹਾ ਪਰ ਉਸ ਨੂੰ ਹੋਟਲ ਵਿਚ ਹੀ ਰੋਕ ਦਿੱਤਾ। ਬਾਅਦ ਵਿਚ ਪਠਾਨਕੋਟ ਵਿਚ ਹੀ ਇਕ ਕਿਰਾਏ ਦਾ ਮਕਾਨ ਲੈ ਕੇ ਦਿੱਤਾ। ਵਾਰ-ਵਾਰ ਪੁੱਛਣ 'ਤੇ ਰਾਹੁਲ ਨੇ ਵੀਡੀਓ ਕਾਲ ਜ਼ਰੀਏ ਇਕ ਆਰਮੀ ਅਧਿਕਾਰੀ ਦੀ ਵਰਦੀ ਪਹਿਨੇ ਬਿੱਟੂ ਨਾਲ ਗੱਲ ਕਰਵਾਈ, ਜਿਸ ਨੇ ਕਿਹਾ ਕਿ ਲਾਕਡਾਊਨ ਲੱਗਾ ਹੈ, ਅਜੇ ਪਠਾਨਕੋਟ ਵਿਚ ਹੀ ਰੁਕੋ। ਉਹ ਇਕ ਮਹੀਨਾ ਪਠਾਨਕੋਟ ਵਿਚ ਰਿਹਾ। ਉਸ ਦੇ ਬਾਅਦ ਜੰਮੂ-ਕਸ਼ਮੀਰ ਦੇ ਅਖਨੂਰ ਬੁਲਾ ਲਿਆ ਅਤੇ ਇਥੇ ਹੋਟਲ ਵਿਚ ਇਕ ਮਹੀਨਾ ਰੋਕਿਆ। ਮਨੋਜ ਨੇ ਦੱਸਿਆ ਕਿ ਉਸ ਨੂੰ ਫਿਰ ਪਠਾਨਕੋਟ ਬੁਲਾਇਆ ਅਤੇ ਆਰਮੀ ਏਰੀਆ ਵਿਚ ਲਿਜਾਇਆ ਗਿਆ। ਮਨੋਜ ਦਾ ਦੋਸ਼ ਹੈ ਕਿ ਰਾਹੁਲ ਨੇ ਉਸ ਨੇ ਇਕ ਇੰਸਾਸ ਰਾਈਫਲ ਦਿਵਾਈ ਅਤੇ ਪੋਸਟ 'ਤੇ ਡਿਊਟੀ ਵੀ ਕਰਵਾਈ। ਇਸ ਦੌਰਾਨ ਇਕ ਦੂਜੇ ਸਿਪਾਹੀ ਨੇ ਉਸ ਨੂੰ ਫਰਜ਼ੀਵਾੜੇ ਸਬੰਧੀ ਜਾਣਕਾਰੀ ਦਿੱਤੀ। ਇਸ ਦੇ ਬਾਅਦ ਉਹ ਕਿਸੇ ਤਰੀਕੇ ਉਥੋਂ ਨਿਕਲ ਗਿਆ ਪਰ ਰਾਹੁਲ ਨੇ ਉਸ ਨੂੰ ਕਾਨਪੁਰ ਜੇਡੀ ਫਿਜ਼ੀਕਲ ਅਕੈਡਮੀ ਵਿਚ ਆਰਮੀ ਦੀ ਨੌਕਰੀ ਦਿਵਾ ਦਿੱਤੀ। ਇਥੇ ਰਾਜਾ ਨਾਂ ਦਾ ਆਦਮੀ ਖ਼ੁਦ ਨੂੰ ਆਰਮੀ ਅਫ਼ਸਰ ਦੱਸਦਾ। ਮਨੋਜ ਨੇ ਦੋਸ਼ ਲਗਾਇਆ ਕਿ ਦੋਸ਼ੀ ਰਾਹੁਲ ਨੇ ਫਰਜ਼ੀ ਵਰਦੀ ਦੇ ਕੇ ਉਸ ਕੋਲੋਂ ਡਿਊਟੀ ਕਰਵਾਈ ਅਤੇ ਕੁੱਟਮਾਰ ਕਰਕੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। 

ਇਹ ਵੀ ਪੜ੍ਹੋ :  ਹੱਸਦਾ-ਵੱਸਦਾ ਉਜੜਿਆ ਪਰਿਵਾਰ, ਪਤਨੀ ਦੀ ਮੌਤ ਦੇ ਗਮ 'ਚ ਪਤੀ ਨੇ ਵੀ ਤੋੜਿਆ ਦਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News