ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੇ 2 ਲੱਖ 72 ਹਜ਼ਾਰ, 2 ਨਾਮਜ਼ਦ
Friday, Jul 16, 2021 - 08:27 PM (IST)
ਫਿਰੋਜ਼ਪੁਰ (ਹਰਚਰਨ,ਬਿੱਟੂ)- ਅੱਜ ਦੀ ਨੌਜਵਾਨ ਪੀੜ੍ਹੀ ਦਾ ਰੁਝਾਨ ਵਿਦੇਸ਼ ਜਾਣ ਵੱਲ ਵਧ ਰਿਹਾ ਹੈ, ਜਿਸ ਨਾਲ ਮਾਪੇ ਆਪਣੇ ਬੱਚਿਆਂ ਨੂੰ ਉੱਚ ਵਿੱਦਿਆ ਹਾਸਲ ਕਰਵਾਉਣ ਲਈ ਕਰਜ਼ਾ ਚੁੱਕ ਕੇ ਵਿਦੇਸ਼ ਭੇਜਣ ਦੀ ਇੱਛਾ ਰੱਖਦੇ ਹਨ ਅਤੇ ਬਿਨਾਂ ਪੁੱਛ-ਪੜਤਾਲ ਕੀਤੇ ਵੱਡੇ-ਵੱਡੇ ਸ਼ਹਿਰਾਂ 'ਚ ਕਈ ਠੱਗ ਕਿਸਮ ਦੇ ਏਜੰਟਾਂ ਦੇ ਸ਼ਿਕਾਰ ਹੋ ਜਾਂਦੇ ਹਨ । ਅਜਿਹਾ ਮਾਮਲਾ ਫਿਰੋਜ਼ਪੁਰ ਤੋਂ ਵੇਖਣ ਨੂੰ ਮਿਲਿਆ। ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 2 ਲੱਖ 72 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਸਿਟੀ ਫਿਰੋਜ਼ਪੁਰ ਨੇ 2 ਲੋਕਾਂ ਵਿਰੁੱਧ ਧੋਖਾਧੜੀ ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਬਰਿੰਦਰ ਸਿੰਘ ਉਪ ਕਪਤਾਨ ਪੁਲਸ (ਸ਼ਹਿਰੀ) ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਦਰਖਾਸਤ ਨੰਬਰ 135 ਰਾਹੀਂ ਰਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਹਰਿੰਦਰਾ ਨਗਰ ਫਰੀਦਕੋਟ ਨੇ ਦੱਸਿਆ ਕਿ ਉਹ ਤੇ ਉਸ ਦੇ 3 ਹੋਰ ਜਾਣਕਾਰ ਵਿਦੇਸ਼ ਵਰਕ ਪਰਮਿਟ 'ਤੇ ਜਾਣਾ ਚਾਹੁੰਦੇ ਸਨ, ਜਿਨ੍ਹਾਂ ਨੇ ਫੇਸਬੁੱਕ ’ਤੇ ਡਰੀਮ ਕਾਸਟਲ ਵੀਜ਼ਾ ਏਜੰਸੀ ਫਿਰੋਜ਼ਪੁਰ ਸ਼ਹਿਰ ਦਾ ਇਸ਼ਤਿਹਾਰ ਵੇਖਿਆ ਤੇ ਇਨ੍ਹਾਂ ਨਾਲ ਸੰਪਰਕ ਕੀਤਾ। ਰਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਸੁਖਦੇਵ ਸਿੰਘ ਵਾਸੀ ਜਲੰਧਰ ਮੈਸ. ਬਰਗਰ ਹੱਟ ਸਿਟੀ ਫਿਰੋਜ਼ਪੁਰ ਅਤੇ ਜਸਲੀਨ ਸੰਧੂ ਵਾਸੀ ਡਿਫੈਂਸ ਕਾਲੋਨੀ ਸਤੀਏਵਾਲਾ, ਫਿਰੋਜ਼ਪੁਰ ਨੇ ਹਮਮਸ਼ਵਰਾ ਹੋ ਕੇ ਉਨ੍ਹਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 2 ਲੱਖ 72 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਜਾਂਚ ਪੜਤਾਲ ਤੋਂ ਬਾਅਦ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।