ਵਿਦੇਸ਼ ਭੇਜਣ ਅਤੇ ਨੌਕਰੀ ਦਿਵਾਉਣ ਦੇ ਨਾਂ ''ਤੇ 52 ਲੱਖ ਦੀ ਠੱਗੀ

09/26/2019 11:11:06 PM

ਬਠਿੰਡਾ (ਵਰਮਾ)-ਵਿਦੇਸ਼ ਭੇਜਣ ਅਤੇ ਪਾਵਰਕਾਮ 'ਚ ਪੱਕੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਚਾਰ ਨੌਜਵਾਨਾਂ ਤੋਂ ਕਰੀਬ 52 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ਾਂ ਤਹਿਤ ਪੁਲਸ ਨੇ ਸਾਬਕਾ ਸਰਪੰਚ, ਉਸ ਦੀ ਬੇਟੀ ਸਮੇਤ 3 ਲੋਕਾਂ 'ਤੇ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਦੀ ਜਾਂਚ ਅਧਿਕਾਰੀ ਐੱਸ. ਆਈ. ਸਰਬਜੀਤ ਕੌਰ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤ ਦੇ ਕੇ ਅਰਸ਼ਦੀਪ ਸਿੰਘ ਵਾਸੀ ਪਿੰਡ ਪੱਕਾ ਕਲਾਂ ਨੇ ਦੱਸਿਆ ਕਿ ਉਹ ਬੀ. ਟੈੱਕ. ਪਾਸ ਹੈ ਅਤੇ ਉਹ ਵਿਦੇਸ਼ ਜਾ ਕੇ ਨੌਕਰੀ ਕਰਨਾ ਚਾਹੁੰਦਾ ਸੀ। ਉਸ ਨੇ ਆਪਣੇ ਰਿਸ਼ਤੇਦਾਰ ਸਾਬਕਾ ਸਰਪੰਚ ਗੁਰਤੇਜ ਸਿੰਘ ਵਾਸੀ ਪਿੰਡ ਕੋਠੇ ਹਿੰਮਤਪੁਰਾ ਕੋਟਭਾਈ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨਾਲ ਗੱਲ ਕੀਤੀ। ਮੁਲਜ਼ਮ ਨੇ ਉਸ ਨੂੰ ਝਾਂਸਾ ਦਿੱਤਾ ਕਿ ਉਹ ਉਸ ਦੀ ਬੇਟੀ ਸਿਮਰਜੀਤ ਕੌਰ ਤੇ ਇਕ ਹੋਰ ਵਿਅਕਤੀ ਬਲਵੀਰ ਰਾਮ ਵਾਸੀ ਥੱਲਾ ਤਹਿਸੀਲ ਫਿਲੌਰ ਨਾਲ ਮਿਲ ਕੇ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ। ਇਸ 'ਤੇ ਉਸ ਨੇ ਖੁਦ ਅਤੇ ਆਪਣੇ ਕੁਝ ਰਿਸ਼ਤੇਦਾਰ ਸੰਦੀਪ ਸਿੰਘ ਵਾਸੀ ਪਿੰਡ ਪੰਨੀਵਾਲਾ, ਕੁਲਵਿੰਦਰ ਸਿੰਘ ਵਾਸੀ ਪਿੰਡ ਨੱਤ ਤੇ ਅਮਰਿੰਦਰ ਸਿੰਘ ਨੇ ਵਿਦੇਸ਼ ਜਾਣ ਲਈ ਬੀਤੀ 12 ਅਪ੍ਰੈਲ 2018 ਨੂੰ 15 ਲੱਖ ਰੁਪਏ ਮੁਲਜ਼ਮ ਗੁਰਤੇਜ ਸਿੰਘ ਤੇ ਉਸ ਦੀ ਬੇਟੀ ਸਿਮਰਜੀਤ ਕੌਰ ਨੂੰ ਦੇ ਦਿੱਤੇ। ਇਸ ਤੋਂ ਬਾਅਦ 23 ਅਪ੍ਰੈਲ 2018 ਨੂੰ ਬਾਕੀ ਰਕਮ 32 ਲੱਖ ਰੁਪਏ ਉਕਤ ਮੁਲਜ਼ਮਾਂ ਨੂੰ ਦੇ ਦਿੱਤੇ। ਪੈਸੇ ਲੈਣ ਤੋਂ ਬਾਅਦ ਮੁਲਜ਼ਮਾਂ ਨੇ ਕਿਹਾ ਕਿ ਉਨ੍ਹਾਂ ਦਾ ਵਿਦੇਸ਼ ਜਾਣ ਦਾ ਕੰਮ ਨਹੀਂ ਬਣ ਰਿਹਾ ਹੈ, ਇਸ ਲਈ ਉਹ ਉਨ੍ਹਾਂ ਨੂੰ ਪਾਵਰਕਾਮ ਵਿਚ ਪੱਕੀ ਨੌਕਰੀ ਦਿਵਾ ਦੇਵੇਗਾ। ਉਸ ਨੇ ਦੱਸਿਆ ਕਿ ਉਸ ਦਾ ਇਕ ਦੋਸਤ ਪਾਵਰਕਾਮ 'ਚ ਉੱਚ ਅਧਿਕਾਰੀ ਹੈ ਤੇ ਨੌਕਰੀ ਲੱਗਣ ਲਈ ਉਸ ਨੂੰ 4.50 ਲੱਖ ਰੁਪਏ ਦੇਣੇ ਹੋਣਗੇ।

ਪੀੜਤਾਂ ਅਨੁਸਾਰ ਵਿਦੇਸ਼ ਨਾ ਜਾਣ ਦੇ ਕਾਰਣ ਉਨ੍ਹਾਂ ਨੇ ਸਰਕਾਰੀ ਨੌਕਰੀ ਦੀ ਚਾਹਤ ਵਿਚ ਮੁਲਜ਼ਮਾਂ ਨੂੰ 4.50 ਲੱਖ ਰੁਪਏ ਹੋਰ ਦੇਣ ਨੂੰ ਤਿਆਰ ਹੋ ਗਏ ਅਤੇ ਉਨ੍ਹਾਂ ਦੇ ਦੱਸੇ ਬੈਂਕ ਅਕਾਊਂਟ ਵਿਚ ਪੈਸੇ ਟਰਾਂਸਫਰ ਕਰ ਦਿੱਤੇ। ਪੈਸੇ ਲੈਣ ਤੋਂ ਬਾਅਦ ਮੁਲਜ਼ਮਾਂ ਸਾਬਕਾ ਸਰਪੰਚ ਗੁਰਤੇਜ ਸਿੰਘ ਤੇ ਉਸ ਦੀ ਬੇਟੀ ਸਿਮਰਜੀਤ ਕੌਰ ਨੇ ਉਨ੍ਹਾਂ ਨੂੰ ਪਾਵਰਕਾਮ ਦੇ ਨਿਯੁਕਤੀ ਪੱਤਰ ਤੇ ਆਈ. ਡੀ. ਕਾਰਡ ਦੇ ਦਿੱਤੇ ਜੋ ਫਰਜ਼ੀ ਨਿਕਲੇ। ਉਨ੍ਹਾਂ ਮੁਲਜ਼ਮਾਂ ਤੋਂ ਪੈਸੇ ਵਾਪਸ ਮੰਗੇ ਤਾਂ ਉਨ੍ਹਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਐੱਸ. ਆਈ. ਸਰਬਜੀਤ ਕੌਰ ਨੇ ਦੱਸਿਆ ਕਿ ਪੀੜਤ ਨੌਜਵਾਨਾਂ ਦੀ ਸ਼ਿਕਾਇਤ 'ਤੇ ਮੁਲਜ਼ਮ ਸਾਬਕਾ ਸਰਪੰਚ ਗੁਰਤੇਜ ਸਿੰਘ, ਉਸ ਦੀ ਬੇਟੀ ਸਿਮਰਜੀਤ ਕੌਰ ਤੇ ਉਸ ਦੇ ਦੋਸਤ ਬਲਵੀਰ ਰਾਮ 'ਤੇ ਧੋਖਾਦੇਹੀ ਦਾ ਕੇਸ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।


Karan Kumar

Content Editor

Related News