ਵਿਦੇਸ਼ ਭੇਜਣ ਦੇ ਨਾਂ ’ਤੇ ਮਾਰੀ 7.75 ਲੱਖ ਰੁਪਏ ਦੀ ਠੱਗੀ, ਕੇਸ ਦਰਜ
Wednesday, Oct 30, 2024 - 05:16 AM (IST)
ਦੇਵੀਗੜ੍ਹ (ਨੌਗਾਵਾਂ)- ਥਾਣਾ ਜੁਲਕਾਂ ਅਧੀਨ ਪਿੰਡ ਸਾਹਨੀਪੁਰ ਟਾਂਡਾ ਦੇ ਪ੍ਰੇਮ ਸਿੰਘ ਪੁੱਤਰ ਚੂਹੜ ਸਿੰਘ ਨੇ ਥਾਣਾ ਜੁਲਕਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਸੀਤਾ ਰਾਮ ਪੁੱਤਰ ਬਾਬੂ ਰਾਮ ਅਤੇ ਸੁਰੇਸ਼ ਕੁਮਾਰ ਪੁੱਤਰ ਬੁੱਧ ਰਾਮ ਵਾਸੀਆਨ ਪਿੰਡ ਲਖਨੌਰ ਸਾਹਿਬ ਜ਼ਿਲਾ ਅੰਬਾਲਾ ਹਰਿਆਣਾ ਨੇ ਉਸ ਨੂੰ ਅਤੇ ਉਸ ਦੇ ਦੋਸਤਾਂ ਨੂੰ ਵਿਦੇਸ਼ ਭੇਜਣ ਦੇ ਨਾ ’ਤੇ ਪ੍ਰਤੀ ਵਿਅਕਤੀ 2 ਲੱਖ 25 ਹਜ਼ਾਰ ਰੁਪਏ, ਕੁੱਲ 6 ਲੱਖ 75 ਹਜ਼ਾਰ ਰੁਪਏ ਲਏ ਸਨ। ਬਾਅਦ ’ਚ ਮੈਨੂੰ ਅਤੇ ਮੇਰੇ ਦੋਸਤਾਂ ਨੂੰ ਅਜਰਬਾਈਜਨ ਦੇਸ਼ ਤੋਂ ਅਰਮੀਨੀਆ ਭੇਜ ਦਿੱਤਾ ਪਰ ਉੱਥੇ ਕੰਮ ਨਾਂ ਮਿਲਣ ਕਰ ਕੇ ਸਾਨੂੰ ਵਾਪਸ ਆਉਣਾ ਪਿਆ।
ਮੁੱਦਈ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਵੱਲੋਂ ਉਨ੍ਹਾਂ ਨੂੰ ਵਿਦੇਸ਼ ’ਚ ਕੰਮ ਦਿਵਾਉਣ ਦੀ ਵੀ ਗੱਲ ਆਖੀ ਗਈ ਸੀ। ਇਸ ਦੌਰਾਨ ਕਥਿਤ ਦੋਸ਼ੀਆਂ ਨੇ ਵਿਦੇਸ਼ ’ਚ ਕਿਸੇ ਵਿਅਕਤੀ ਨੂੰ 500 ਡਾਲਰ ਵੀ ਦਿਵਾਏ ਸਨ। ਇਸ ਤਰ੍ਹਾਂ ਦੋਸ਼ੀਆਂ ਨੇ ਸਾਡੇ ਨਾਲ 7 ਲੱਖ 75 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ, ਜਿਸ ਕਰ ਕੇ ਪੜਤਾਲ ਉਪਰੰਤ ਕਥਿਤ ਦੋਸ਼ੀਆਂ ਖਿਲਾਫ ਧਾਰਾ 420 ਆਈ. ਪੀ. ਸੀ. ਤਹਿਤ ਕੇਸ ਦਰਜ ਹੋਇਆ ਹੈ।