ਫ਼ਿਲਮੀ ਅੰਦਾਜ਼ ’ਚ ਦੁਕਾਨਦਾਰ ਨਾਲ ਠੱਗੀ, ਸੋਨੇ ਦੀ ਛਾਪ ਲੈ ਕੇ ਫਰਾਰ ਹੋਏ ਨੌਸਰਬਾਜ਼

Tuesday, Aug 18, 2026 - 02:21 PM (IST)

ਫ਼ਿਲਮੀ ਅੰਦਾਜ਼ ’ਚ ਦੁਕਾਨਦਾਰ ਨਾਲ ਠੱਗੀ, ਸੋਨੇ ਦੀ ਛਾਪ ਲੈ ਕੇ ਫਰਾਰ ਹੋਏ ਨੌਸਰਬਾਜ਼

ਤਪਾ ਮੰਡੀ (ਸ਼ਾਮ, ਗਰਗ)- ਸਥਾਨਕ ਸ਼ਹਿਰ ਦੇ ਸਦਰ ਬਾਜ਼ਾਰ ’ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਸ਼ਾਮ 5 ਵਜੇ ਦੇ ਲੱਗਭਗ ਇਕ ਕਾਰ ਤੇ ਮੋਟਰਸਾਈਕਲਾਂ ’ਤੇ ਸਵਾਰ ਅੱਧੀ ਦਰਜਨ ਦੇ ਕਰੀਬ ਨੌਸਰਬਾਜ਼ ਫ਼ਿਲਮੀ ਅੰਦਾਜ਼ ’ਚ ਇਕ ਬਰਤਨ ਵਿਕਰੇਤਾ ਨਾਲ ਠੱਗੀ ਕਰ ਕੇ ਸੋਨੇ ਦੀ ਛਾਪ ਲਾਹ ਕੇ ਫਰਾਰ ਹੋ ਗਏ। ਦੁਕਾਨਦਾਰਾਂ ਵੱਲੋਂ ਪਿੱਛਾ ਕਰਨ ’ਤੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ, ਜਦਕਿ ਬਾਕੀ ਸਾਥੀ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਏ।

ਜਾਣਕਾਰੀ ਅਨੁਸਾਰ ਭਾਂਡਿਆਂ ਦਾ ਕਾਰੋਬਾਰ ਕਰਨ ਵਾਲੇ ਅਸ਼ੋਕ ਕੁਮਾਰ ਢਿੱਲਵਾਂ ਦਾ ਪੁੱਤਰ ਹਰਸ਼ਿਤ ਕੁਮਾਰ ਆਪਣੀ ਦੁਕਾਨ ’ਤੇ ਬੈਠਾ ਸੀ। ਇਸ ਦੌਰਾਨ ਇਕ ਕਾਰ ’ਚ ਆਏ ਨੌਜਵਾਨਾਂ ’ਚੋਂ ਦੋ ਜਣੇ ਦੁਕਾਨ ’ਚ ਦਾਖਲ ਹੋਏ ਅਤੇ ਚਾਕੂ ਤੇ ਹੋਰ ਸਾਮਾਨ ਦਿਖਾਉਣ ਲਈ ਕਿਹਾ। ਜਦੋਂ ਦੁਕਾਨਦਾਰ ਸਾਮਾਨ ਦਿਖਾਉਣ ਲੱਗਾ ਤਾਂ ਦੋ ਮੋਟਰਸਾਈਕਲਾਂ ’ਤੇ ਸਵਾਰ ਕੁਝ ਹੋਰ ਨੌਸਰਬਾਜ਼ ਵੀ ਉੱਥੇ ਪਹੁੰਚ ਗਏ।

ਉਨ੍ਹਾਂ ਨੇ ਦੁਕਾਨਦਾਰ ਨੂੰ ਗੱਲਾਂ ’ਚ ਉਲਝਾਉਂਦਿਆਂ ਕਿਹਾ ਕਿ ਉਹ ‘ਗੇਮ’ ਖੇਡਣਗੇ। ਇਸ ਦੌਰਾਨ ਉਨ੍ਹਾਂ ਨੇ 20 ਹਜ਼ਾਰ ਰੁਪਏ ਅਤੇ ਇੱਕ ਸੋਨੇ ਦੀ ਛਾਪ ਦੁਕਾਨਦਾਰ ਦੇ ਸਾਹਮਣੇ ਰੱਖ ਕੇ ਖੇਡਣ ਦੀ ਕੋਸ਼ਿਸ਼ ਕੀਤੀ। ਦੁਕਾਨਦਾਰ ਵੱਲੋਂ ਮਨ੍ਹਾ ਕਰਨ ਦੇ ਬਾਵਜੂਦ ਨੌਸਰਬਾਜ਼ ਉਸ ਦੀ ਉਂਗਲ ’ਚੋਂ ਸੋਨੇ ਦੀ ਛਾਪ ਲਾਹ ਕੇ ਤੁਰੰਤ ਫਰਾਰ ਹੋ ਗਏ।

ਘਟਨਾ ਤੋਂ ਬਾਅਦ ਦੁਕਾਨਦਾਰ ਅਤੇ ਉਸ ਦੇ ਸਾਥੀਆਂ ਨੇ ਨੌਸਰਬਾਜ਼ਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ’ਚੋਂ ਇਕ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ। ਇਸ ਮੌਕੇ ਹਰੀਸ਼ ਕੁਮਾਰ ਗੌਸ਼ਾ, ਸੁਰੇਸ਼ ਕੁਮਾਰ ਮਿੱਤਲ, ਕਰਨ ਮਿੱਤਲ, ਲੱਖਾ ਸਿੰਘ ਆਦਿ ਦੁਕਾਨਦਾਰ ਵੀ ਹਾਜ਼ਰ ਸਨ। ਪੁਲਸ ਚੌਕੀ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


 


author

Anmol Tagra

Content Editor

Related News