ਲੁਧਿਆਣਾ ''ਚ 2.5 ਕਰੋੜ ਦੀ ਧੋਖਾਧੜੀ, ਟ੍ਰੈਵਲ ਏਜੰਟ ਨੂੰ ਵੇਚੀਆਂ ਕੈਨੇਡਾ ਦੀਆਂ 273 ਜਾਅਲੀ ਟਿਕਟਾਂ

05/25/2022 3:38:40 PM

ਲੁਧਿਆਣਾ (ਵੈੱਬ ਡੈਸਕ, ਅਮਨ) : ਲੁਧਿਆਣਾ 'ਚ ਜਾਅਲੀ ਟਿਕਟਾਂ ਨੂੰ ਲੈ ਕੇ 2.5 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜਾਅਲੀ ਟਿਕਟਾਂ ਸਸਤੀਆਂ ਹੋਣ ਦਾ ਲਾਲਚ ਦੇ ਕੇ ਇਕ ਟ੍ਰੈਵਲ ਏਜੰਟ ਨੂੰ ਵੇਚੀਆਂ ਗਈਆਂ ਸਨ। ਇਸ ਮਾਮਲੇ ਸਬੰਧੀ ਪੁਲਸ ਨੇ ਇਕ ਜੋੜੇ ਸਮੇਤ 3 ਲੋਕਾਂ 'ਤੇ ਮਾਮਲਾ ਦਰਜ ਕੀਤਾ ਹੈ। ਦੋਸ਼ੀਆਂ ਦੀ ਪਛਾਣ ਦੀਪਕ ਰਾਜ ਵਾਸੀ ਐੱਸ. ਬੀ. ਐੱਸ. ਨਗਰ, ਸਾਰੂ ਸਿੰਘ ਪਤਨੀ ਦੀਪਕ ਰਾਜ ਅਤੇ ਦੀਪਕ ਸ਼ਰਮਾ ਵਾਸੀ ਆਦਰਸ਼ ਨਗਰ ਵੱਜੋਂ ਹੋਈ ਹੈ।

ਇਹ ਵੀ ਪੜ੍ਹੋ : ਮੋਹਾਲੀ ਧਮਾਕਾ : ਪੁਲਸ ਇੰਟੈਲੀਜੈਂਸ ਦੇ ਹੈੱਡ ਕੁਆਰਟਰ 'ਤੇ ਰਾਕੇਟ ਲਾਂਚਰ ਚਲਾਉਣ ਵਾਲੇ ਮੁਲਜ਼ਮਾਂ ਦੀ ਹੋਈ ਪਛਾਣ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਵਦੀਪ ਸਿੰਘ ਵਾਸੀ ਯੂਨਾਈਟਿਡ ਇਨਕਲੇਵ ਨੇ ਦੱਸਿਆ ਕਿ ਉਨ੍ਹਾਂ ਦੀ ਟ੍ਰੈਵਲ ਏਜੰਸੀ ਹੈ ਅਤੇ ਕੁੱਝ ਮਹੀਨੇ ਪਹਿਲਾਂ ਉਨ੍ਹਾਂ ਨੇ ਜੈਕ ਟੂਰ ਐਂਡ ਟ੍ਰੈਵਲਜ਼ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ, ਜਿਨ੍ਹਾਂ ਨੇ ਕਈ ਵਾਰ ਉਨ੍ਹਾਂ ਨੂੰ ਸਹੀ ਸਮੇਂ 'ਤੇ ਠੀਕ ਰੇਟ 'ਤੇ ਟਿਕਟਾਂ ਦੁਆਈਆਂ। ਕੁੱਝ ਸਮਾਂ ਪਹਿਲਾਂ ਦੋਸ਼ੀਆਂ ਨੇ ਉਨ੍ਹਾਂ ਨੂੰ ਕਾਲ ਕਰਕੇ ਕਿਹਾ ਕਿ ਉਨ੍ਹਾਂ ਦੀ ਏਅਰ ਇੰਡੀਆ ਨਾਲ ਸੈਟਿੰਗ ਹੋ ਗਈ ਹੈ ਅਤੇ ਉਨ੍ਹਾਂ ਨੇ ਕੈਨੇਡਾ ਦੀਆਂ 273 ਟਿਕਟਾਂ ਖ਼ਰੀਦੀਆਂ ਹਨ, ਜਿਸ ਨਾਲ ਟਿਕਟਾਂ ਸਸਤੀਆਂ ਮਿਲਣਗੀਆਂ। ਪੀੜਤ ਨੇ ਵੱਖ-ਵੱਖ ਜ਼ਿਲ੍ਹਿਆਂ 'ਚ ਆਪਣੇ ਏਜੰਟਾਂ ਨੂੰ ਇਹ ਟਿਕਟਾਂ ਵੇਚ ਦਿੱਤੀਆਂ ਅਤੇ ਉਨ੍ਹਾਂ ਤੋਂ ਪੈਸੇ ਲੈ ਕੇ ਢਾਈ ਕਰੋੜ ਰੁਪਿਆ ਦੋਸ਼ੀਆਂ ਨੂੰ ਟਰਾਂਸਫਰ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਦੇ ਮੁਸਾਫ਼ਰਾਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਦਿੱਲੀ ਹਵਾਈ ਅੱਡੇ ਤੱਕ ਜਾਣਗੀਆਂ ਸਰਕਾਰੀ ਬੱਸਾਂ

ਇਸ ਤੋਂ ਬਾਅਦ ਗਾਹਕਾਂ ਦੀਆਂ ਸ਼ਿਕਾਇਤਾਂ ਆਉਣ 'ਤੇ ਪਤਾ ਲੱਗਾ ਕਿ ਟਿਕਟਾਂ ਨਕਲੀ ਹਨ। ਜਦੋਂ ਇਸ ਬਾਰੇ ਦੋਸ਼ੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਏਅਰ ਇੰਡੀਆ ਨਾਲ ਐਗਰੀਮੈਂਟ ਰੱਦ ਹੋ ਗਿਆ ਹੈ। ਦੋਸ਼ੀਆਂ ਨੇ ਫਰਜ਼ੀ ਮੇਲ ਤਿਆਰ ਕਰਕੇ ਏਅਰ ਇੰਡੀਆ ਦੇ ਐਗਰੀਮੈਂਟ ਰੱਦ ਹੋਣ ਦੀ ਗੱਲ ਲਿਖ ਕੇ ਭੇਜੀ। ਜਦੋਂ ਪੀੜਤ ਨੇ ਖ਼ੁਦ ਵੈਰੀਫਾਈ ਕੀਤਾ ਤਾਂ ਪਤਾ ਲੱਗਿਆ ਕਿ ਅਜਿਹਾ ਕੋਈ ਐਗਰੀਮੈਂਟ ਹੋਇਆ ਹੀ ਨਹੀਂ ਸੀ। ਇਸ ਤੋਂ ਬਾਅਦ ਪੀੜਤ ਨੂੰ ਪਤਾ ਲੱਗਿਆ ਕਿ ਉਸ ਨਾਲ ਵੱਡੀ ਧੋਖਾਧੜੀ ਹੋਈ ਹੈ, ਜਿਸ ਤੋਂ ਬਾਅਦ ਸਾਰੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News