ਕੈਨੇਡਾ ਦਾ ਕਹਿ ਕੇ ਬੈਂਕਾਕ ਭੇਜਿਆ, ਲੜਕੀ ਤੋਂ ਠੱਗੇ 15 ਲੱਖ

Monday, Jun 25, 2018 - 02:56 PM (IST)

ਕੈਨੇਡਾ ਦਾ ਕਹਿ ਕੇ ਬੈਂਕਾਕ ਭੇਜਿਆ, ਲੜਕੀ ਤੋਂ ਠੱਗੇ 15 ਲੱਖ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) — ਇਕ ਲੜਕੀ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 15 ਲੱਖ ਠੱਗਣ ਦੇ ਦੋਸ਼ 'ਚ 3 ਵਿਅਕਤੀਆਂ ਵਿਰੁੱਧ ਥਾਣਾ ਲਹਿਰਾ 'ਚ ਧੋਖਾਦੇਹੀ ਤੇ ਹੋਰ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਸਰਬਜੀਤ ਕੌਰ ਪੁੱਤਰੀ ਭੋਲਾ ਸਿੰਘ ਵਾਸੀ ਸੰਗਤੀਵਾਲਾ ਨੇ ਇਕ ਦਰਖਾਸਤ ਐੱਸ. ਐੱਸ. ਪੀ. ਸੰਗਰੂਰ ਨੂੰ ਦਿੱਤੀ ਸੀ ਕਿ ਗੁਰਦੀਪ ਸਿੰਘ ਉਰਫ ਜਸਵੀਰ ਸਿੰਘ ਵਗੈਰਾ ਨੇ ਉਸ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਪਹਿਲਾਂ 15 ਲੱਖ ਰੁਪਏ ਠੱਗ ਲਏ ਤੇ ਉਸ ਨੂੰ ਬੈਂਕਾਕ 'ਚ ਲਿਜਾ ਕੇ ਇਕ ਹੋਟਲ 'ਚ ਰੱਖਿਆ ਤੇ ਕੈਨੇਡਾ ਦਾ ਜਾਅਲੀ ਵੀਜ਼ਾ ਲਾ ਕੇ ਦੇ ਦਿੱਤਾ।
ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਗੁਰਦੀਪ ਸਿੰਘ ਉਰਫ ਜਸਵੀਰ ਸਿੰਘ ਉਸ ਨੂੰ ਵਾਪਸ ਭਾਰਤ ਲੈ ਆਇਆ ਤੇ ਆਪਣੇ ਭਰਾ ਗਿੰਦਰੀ ਉਰਫ ਗੁਰਵਿੰਦਰ ਸਿੰਘ ਵਾਸੀ ਪਿੰਡ ਸੌਜਾ ਤਹਿਸੀਲ ਤੇ ਜ਼ਿਲਾ ਪਟਿਆਲਾ ਤੇ ਜੀਜਾ ਗੁਰੀ ਵਾਸੀ ਬੇਨਰਾ ਕਲਾਂ ਤਹਿਸੀਲ ਨਾਭਾ ਨਾਲ ਮਿਲ ਕੇ ਉਸ ਨੂੰ ਪਟਿਆਲਾ ਦੇ ਇਕ ਪੀ. ਜੀ. 'ਚ ਇਸ ਗੱਲ ਦਾ ਲਾਲਚ ਦੇ ਕੇ ਰੱਖਿਆ ਕਿ ਉਹ ਉਸ ਦਾ ਕੈਨੇਡਾ ਦਾ ਵੀਜ਼ਾ ਦੋਬਾਰਾ ਅਪਲਾਈ ਕਰਨਗੇ।
ਨਾ ਤਾਂ ਉਕਤ ਮੁਲਜ਼ਮਾਂ ਨੇ ਉਸ ਦਾ ਕੈਨੇਡਾ ਦਾ ਵੀਜ਼ਾ ਲਵਾਇਆ ਤੇ ਨਾ ਪੈਸੇ ਵਾਪਸ ਕੀਤੇ। ਪੈਸੇ ਵਾਪਸ ਮੰਗਣ 'ਤੇ ਮੁਲਜ਼ਮਾਂ ਨੇ ਪੈਸੇ ਵਾਪਸ ਕਰਨ ਤੋਂ ਮਨ੍ਹਾ ਕਰਦਿਆਂ ਉਸ ਨੂੰ ਧਮਕੀਆਂ ਦਿੱਤੀਆਂ। ਪੁਲਸ ਨੇ ਮੁਦਈ ਦੀ ਦਰਖਾਸਤ ਦੀ ਪੜਤਾਲ ਕਰਨ ਉਪਰੰਤ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News