ਵਿਦੇਸ਼ ਭੇਜਣ ਦੇ ਨਾ ''ਤੇ ਧੋਖਾਦੇਹੀ ਕਰਨ ਵਾਲੇ ਦੰਪਤੀ ਖਿਲਾਫ ਮਾਮਲਾ ਦਰਜ
Thursday, Jan 11, 2018 - 03:33 PM (IST)

ਨਵਾਂਸ਼ਹਿਰ (ਤ੍ਰਿਪਾਠੀ)— ਵਿਦੇਸ਼ ਭੇਜਣ ਦੇ ਨਾ 'ਤੇ 2.5 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਦੋਸ਼ੀ ਦੰਪਤੀ ਏਜੰਟ ਖਿਲਾਫ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਜ਼ਿਲਾ ਯੋਜਨਾ ਬੋਰਡ 'ਤੇ ਪਲਾਨਿੰਗ ਕਮੇਟੀ ਦੇ ਸਾਬਕਾ ਮੈਂਬਰ ਚਰਨਜੀਤ ਸਿੰਘ ਕਟਾਰੀਆ ਨੇ ਦੱਸਿਆ ਕਿ ਉਸ ਨੇ ਆਪਣੇ ਪੋਤੇ ਬੈਂਤੀ ਕਟਾਰੀਆ ਅਤੇ 2 ਹੋਰ ਰਿਸ਼ਤੇਦਾਰਾਂ ਨੂੰ ਦੁਬਈ ਭੇਜਣ ਦਾ ਸੌਦਾ ਰੁੜਕਾ ਕਲਾਂ ਥਾਣਾ ਗੁਰਾਇਆ ਨਿਵਾਸੀ ਬਲਰਾਜ ਪੁੱਤਰ ਸੀਤਾ ਰਾਮ ਅਤੇ ਉਸ ਦੀ ਪਤਨੀ ਬਿੰਦਰਾ ਕੁਮਾਰੀ ਜੋ ਏਜੰਟੀ ਦਾ ਕੰਮ ਕਰਦੇ ਹਨ, ਦੇ ਨਾਲ ਕੀਤਾ ਸੀ ।
ਉਕਤ ਏਜੰਟਾਂ ਨੂੰ ਪਹਿਲਾਂ 1 ਲੱਖ ਰੁਪਏ ਦਿੱਤੇ ਸਨ। ਏਜੰਟਾਂ ਵੱਲੋਂ ਇਹ ਦੱਸਣ 'ਤੇ ਕਿ ਉਨ੍ਹਾਂ ਦਾ ਵੀਜ਼ਾ ਅਤੇ ਟਿਕਟ ਆ ਗਈ ਹੈ। 1.5 ਲੱਖ ਰੁਪਏ ਹੋਰ ਦੇ ਕੇ ਵੀਜ਼ਾ ਅਤੇ ਟਿਕਟ ਲੈ ਲਈਆਂ ਸਨ। ਉਕਤ ਏਜੰਟਾਂ ਨੇ ਉਨ੍ਹਾਂ ਨੂੰ ਦਿੱਲੀ ਆਉਣ ਦਾ ਸਮਾਂ ਦਿੰਦੇ ਹੋਏ ਦੱਸਿਆ ਕਿ ਉਹ ਉਨ੍ਹਾਂ ਨੂੰ ਏਅਰਪੋਰਟ 'ਤੇ ਮਿਲੇਗਾ। ਚਰਨਜੀਤ ਕਟਾਰੀਆ ਨੇ ਦੱਸਿਆ ਕਿ ਉਸ ਦਾ ਪੋਤਾ ਅਤੇ ਹੋਰ 2 ਰਿਸ਼ਤੇਦਾਰ ਏਅਰਪੋਰਟ ਪਹੁੰਚ ਗਏ ਪਰ ਉਕਤ ਏਜੰਟ ਉਥੇ ਨਹੀਂ ਸੀ । ਏਅਰਪੋਰਟ 'ਤੇ ਹੋਣ ਵਾਲੀ ਜਾਂਚ ਸਬੰਧੀ ਉਹ 3 ਲਾਈਨ 'ਚ ਖੜ੍ਹੇ ਹੋ ਗਏ ਜਦੋਂ ਉਨ੍ਹਾਂ ਦੇ ਇਕ ਰਿਸ਼ਤੇਦਾਰ ਦਾ ਨੰਬਰ ਆਇਆ ਤਾਂ ਏਅਰਪੋਰਟ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦਾ ਵੀਜ਼ਾ ਅਤੇ ਟਿਕਟ ਨਕਲੀ ਹਨ। ਜਿਸ ਦੀ ਜਾਣਕਾਰੀ ਮਿਲਣ 'ਤੇ ਉਸ ਦਾ ਪੋਤਾ ਅਤੇ ਹੋਰ ਰਿਸ਼ਤੇਦਾਰ ਲਾਈਨ ਤੋਂ ਬਾਹਰ ਨਿਕਲ ਆਏ ਜਦਕਿ ਉਸ ਦੇ ਫੜੇ ਗਏ ਰਿਸ਼ਤੇਦਾਰ ਨੂੰ ਕਰੀਬ 2 ਘੰਟੇ ਏਅਰਪੋਰਟ 'ਤੇ ਬਿਠਾ ਕੇ ਵਾਪਸ ਭੇਜ ਦਿੱਤਾ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਏਜੰਟ ਨੇ ਉਸ ਦੇ ਪੋਤੇ ਤੇ ਹੋਰ ਰਿਸ਼ਤੇਦਾਰਾਂ ਨੂੰ ਵਿਦੇਸ਼ ਭੇਜਣ ਦੇ ਨਾ 'ਤੇ ਜਾਅਲੀ ਟਿਕਟ ਅਤੇ ਵੀਜ਼ਾ ਦੇ ਕੇ ਧੋਖਾ ਕੀਤਾ ਹੈ। ਉਕਤ ਏਜੰਟਾਂ ਖਿਲਾਫ ਕਨੂੰਨ ਦੇ ਤਹਿਤ ਕਾਰਵਾਈ ਕਰਕੇ ਉਨ੍ਹਾਂ ਦੇ ਪੈਸੇ ਵਾਪਸ ਕਰਵਾਏ ਜਾਣ। ਉਕਤ ਸ਼ਿਕਾਇਤ ਦੀ ਜਾਂਚ ਉਪਰੰਤ ਥਾਣਾ ਮੁਕੰਦਪੁਰ ਦੀ ਪੁਲਸ ਨੇ ਬਲਰਾਜ ਅਤੇ ਬਿੰਦਰਾ ਕੁਮਾਰੀ ਖਿਲਾਫ ਧਾਰਾ 420 ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।