ਸਮਰਾਲਾ ਫਰਦ ਕੇਂਦਰ ਦੇ ਬਾਅਦ ਮੁੱਲਾਂਪੁਰ ਰਜਿਸਟਰਾਰ ਦਫਤਰ ''ਚ ਲੱਖਾਂ ਦਾ ਘਪਲਾ

Wednesday, Sep 13, 2017 - 11:03 AM (IST)


ਲੁਧਿਆਣਾ (ਪੰਕਜ) - ਇਕ ਪਾਸੇ ਜਿਥੇ ਪੰਜਾਬ ਸਰਕਾਰ ਖਜ਼ਾਨਾ ਖਾਲੀ ਹੋਣ ਦੇ ਕਾਰਨ ਕਾਫੀ ਪ੍ਰੇਸ਼ਾਨ ਦਿਖਾਈ ਦਿੰਦੀ ਹੈ ਅਤੇ ਡਿਵੈੱਲਪਮੈਂਟ ਦੇ ਕੰਮਾਂ ਲਈ ਫੰਡ ਜਾਰੀ ਕਰਨ 'ਚ ਕੰਜੂਸੀ ਵਰਤ ਰਹੀ ਹੈ, ਉਥੇ ਦੂਜੇ ਪਾਸੇ ਸਰਕਾਰੀ ਦਫਤਰਾਂ 'ਚ ਬੈਠੇ ਬਾਬੂ ਸਰਕਾਰ ਦੇ ਟੈਕਸ ਨੂੰ ਨਿੱਜੀ ਸੰਪੱਤੀ ਸਮਝ ਕੇ ਲੱਖਾਂ ਰੁਪਏ ਗੜਬੜ ਘਪਲੇ ਕਰਨ 'ਚ ਲੱਗੇ ਹੋਏ ਹਨ। 

'ਜਗ ਬਾਣੀ' ਵੱਲੋਂ ਬੀਤੇ ਸਾਲ ਦੌਰਾਨ ਇੰਦਰਾ ਆਵਾਸ ਯੋਜਨਾ ਅਤੇ ਸੁਵਿਧਾ ਸੈਂਟਰ 'ਚ ਹੋਏ ਲੱਖਾਂ ਰੁਪਏ ਦੇ ਘਪਲਿਆਂ ਦਾ ਪਰਦਾਫਾਸ਼ ਕੀਤਾ ਸੀ, ਜਿਨ੍ਹਾਂ ਦੇ ਮਾਮਲੇ ਹੁਣ ਵੀ ਅਦਾਲਤ ਵਿਚ ਪੈਂਡਿੰਗ ਹਨ, ਹੁਣ ਜ਼ਿਲੇ ਦੀਆਂ ਵੱਖ-ਵੱਖ ਤਹਿਸੀਲਾਂ 'ਚ ਹੋਏ ਲੱਖਾਂ ਰੁਪਏ ਦੇ ਘਪਲਿਆਂ ਦਾ ਪਰਦਾਫਾਸ਼ ਹੋਇਆ ਹੈ। ਇਨ੍ਹਾਂ ਤਹਿਸੀਲਾਂ 'ਚ ਮੁੱਲਾਂਪੁਰ ਸਬ-ਰਜਿਸਟਰਾਰ ਦਫਤਰ ਅਤੇ ਸਮਰਾਲਾ ਦੇ ਫਰਦ ਕੇਂਦਰ 'ਚ ਕਥਿਤ ਕਰਮਚਾਰੀਆਂ ਵੱਲੋਂ ਲੱਖਾਂ ਰੁਪਏ ਦੇ ਗੜਬੜ ਘਪਲੇ ਕਰਨ ਦੀ ਖ਼ਬਰ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਕੀਤੀ ਹੈ।

ਜੇਕਰ ਸਮਰਾਲਾ ਫਰਦ ਕੇਂਦਰ ਦੀ ਗੱਲ ਕਰੀਏ ਤਾਂ ਇਥੇ ਤਾਇਨਾਤ ਬਾਬੂਆਂ ਨੇ ਜਨਤਾ ਵੱਲੋਂ ਆਪਣੀਆਂ ਪ੍ਰਾਪਰਟੀਆਂ ਸਬੰਧੀ ਕੱਢਵਾਈਆਂ ਫਰਦਾਂ ਦੀ ਅਦਾ ਕੀਤੀ ਤੈਅ ਫੀਸ 'ਚ ਭਾਰੀ ਗੋਲਮਾਲ ਕੀਤਾ ਸੀ। ਦਰਅਸਲ ਫਰਦ ਕੇਂਦਰਾਂ 'ਤੇ ਤਾਇਨਾਤ ਕਰਮਚਾਰੀਆਂ ਨੂੰ ਦਿਨ ਭਰ ਕੱਢੀਆਂ ਗਈਆਂ ਫਰਦਾਂ 'ਤੇ ਵਸੂਲੀ ਫੀਸ ਦਾ ਰਿਕਾਰਡ ਤਿਆਰ ਕਰ ਕੇ ਸੰਬੰਧਿਤ ਬੈਂਕ ਖਾਤਿਆਂ 'ਚ ਜਮ੍ਹਾ ਕਰਵਾਉਣਾ ਪੈਂਦਾ ਹੈ ਪਰ ਸਮਰਾਲਾ 'ਚ ਬਾਬੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੋਵਾਂ ਦੀਆਂ ਅੱਖਾਂ ਵਿਚ ਘੱਟਾ ਪਾਉਂਦੇ ਹੋਏ ਲੱਖਾਂ ਰੁਪਏ ਡਕਾਰ ਲਏ, ਸ਼ਾਇਦ ਇਹ ਮਾਮਲਾ ਕਦੇ ਸਾਹਮਣੇ ਨਾ ਆਉਂਦਾ ਪਰ ਜਦ ਅਧਿਕਾਰੀਆਂ ਨੇ ਜਾਂਚ-ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਜੇਕਰ ਇਕ ਦਿਨ 'ਚ ਫਰਦ ਕੇਂਦਰ ਤੋਂ 50 ਲੋਕ ਫਰਦ ਰਿਲੀਜ਼ ਕਰਵਾਉਂਦੇ ਹਨ ਤਾਂ ਦੋਸ਼ੀ 10 ਜਾਂ 15 ਫਰਦਾਂ ਦੀ ਫੀਸ ਹੀ ਰਿਕਾਰਡ 'ਚ ਦਰਸਾਉਂਦੇ ਸਨ ਪਰ ਫਰਦ ਕੱਢਣ ਸਮੇਂ ਲੱਗੇ ਪੇਪਰ ਤੋਂ ਉਲਟ ਫਰਦ ਦੀ ਫੀਸ ਕਦੇ ਘੱਟ ਪਾਈ ਜਾਣ 'ਤੇ ਸਾਰਾ ਭੇਦ ਖੁੱਲ੍ਹਿਆ, ਜਿਸ ਦੀ ਜਾਂਚ ਦੌਰਾਨ ਪਾਇਆ ਗਿਆ ਕਿ ਦੋਸ਼ੀਆਂ ਨੇ ਲੱਖਾਂ ਰੁਪਏ ਜੋ ਫੀਸ ਦੇ ਰੂਪ ਵਿਚ ਜਨਤਾ ਵੱਲੋਂ ਅਦਾ ਕੀਤੇ ਗਏ ਸਨ, ਨੂੰ ਡਕਾਰ ਲਿਆ ਸੀ।  ਸਾਰਾ ਮਾਮਲਾ ਖੁੱਲ੍ਹਣ 'ਤੇ ਅਧਿਕਾਰੀਆਂ ਵੱਲੋਂ ਜਾਂਚ-ਪੜਤਾਲ ਦੌਰਾਨ ਦੋਸ਼ੀ ਪਾਏ ਗਏ ਕਰਮਚਾਰੀਆਂ ਨੂੰ ਨੌਕਰੀ ਤੋਂ ਡਿਸਮਿਸ ਕਰਨ ਦੀ ਖ਼ਬਰ ਹੈ। ਹੁਣ ਇਸ ਮਾਮਲੇ ਦੀ ਜਾਂਚ ਹੌਲੀ ਵੀ ਨਹੀਂ ਹੋਈ ਸੀ ਕਿ ਤਹਿਸੀਲ ਮੁੱਲਾਂਪੁਰ 'ਚ ਲੱਖਾਂ ਰੁਪਏ ਦੇ ਘਪਲੇ ਦੀ ਚਰਚਾ ਸ਼ੁਰੂ ਹੋ ਗਈ ਹੈ, ਜਿਸ ਦੀ ਪੁਸ਼ਟੀ ਕਰਦਿਆਂ ਜ਼ਿਲਾ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਸੰਬੰਧਿਤ ਅਧਿਕਾਰੀਆਂ ਨੂੰ ਸਾਰੀ ਰਿਪੋਰਟ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਜਲਦ ਹੀ ਇਸ ਘਪਲੇ ਦੀ ਜਾਂਚ ਕਰਵਾ ਕੇ ਦੋਸ਼ੀ ਪਾਏ ਜਾਣ ਵਾਲੇ ਕਰਮਚਾਰੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।


Related News