ਰਿਟਾਇਰਡ ਕਰਨਲ ਨੂੰ ਡਿਜੀਟਲ ਅਰੈਸਟ ਕਰ ਕੇ 3 ਕਰੋੜ ਠੱਗਣ ਵਾਲੇ 2 ਕਾਬੂ
Thursday, Apr 10, 2025 - 03:39 PM (IST)

ਚੰਡੀਗੜ੍ਹ (ਸੁਸ਼ੀਲ) : ਰਿਟਾਇਰਡ ਕਰਨਲ ਦਲੀਪ ਸਿੰਘ ਤੇ ਉਸ ਦੀ ਪਤਨੀ ਰਣਵਿੰਦਰ ਕੌਰ ਬਾਜਵਾ ਨੂੰ ਡਿਜੀਟਲ ਅਰੈਸਟ ਕਰ ਕੇ 3 ਕਰੋੜ 4 ਲੱਖ ਰੁਪਏ ਦੀ ਠੱਗੀ ਕਰਨ ਵਾਲੇ 2 ਮੁਲਜ਼ਮਾਂ ਨੂੰ ਸਾਈਬਰ ਸੈੱਲ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਿਆਣਾ ਦੇ ਮਹਿੰਦਰਗੜ੍ਹ ਸਥਿਤ ਨਾਰਨੌਲ ਦੇ ਪਿੰਡ ਸ਼ਾਹਰਪੁਰ ਵਾਸੀ ਮਹਿਕ ਯਾਦਵ ਤੇ ਰਾਜਸਥਾਨ ਦੇ ਝੁੰਝੁਨੂ ਦੇ ਪਿੰਡ ਮਾਦਰੀ ਵਾਸੀ ਸਚਿਨ ਸ਼ਰਮਾ ਉਰਫ਼ ਮੋਨੂੰ ਵੱਜੋਂ ਹੋਈ ਹੈ। ਪੁਲਸ ਨੇ ਧੋਖਾਧੜੀ ’ਚ ਵਰਤੇ 2 ਮੋਬਾਇਲ ਬਰਾਮਦ ਕੀਤੇ ਹਨ।
ਫ਼ਿਲਹਾਲ ਪੈਸੇ ਦੀ ਰਿਕਵਰੀ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੇ ਈ. ਡੀ. ਅਧਿਕਾਰੀ ਬਣ ਕੇ ਮਨੀ ਲਾਂਡਰਿੰਗ ਕੇਸ ’ਚ ਫਸਾਉਣ ਦੀ ਧਮਕੀ ਦੇ ਕੇ ਸੈਕਟਰ-2 ਦੇ ਸੇਵਾਮੁਕਤ ਕਰਨਲ ਦਲੀਪ ਸਿੰਘ ਨੂੰ ਡਿਜੀਟਲ ਅਰੈਸਟ ਕੀਤੀ ਸੀ। ਇਸ ਲਈ ਸਾਈਬਰ ਸੈੱਲ ਨੇ ਗਿਰੋਹ ਨੂੰ ਫੜ੍ਹਨ ਲਈ ਸਪੈਸ਼ਲ ਟੀਮ ਬਣਾਈ। ਟੀਮ ਨੇ ਬੈਂਕ ਅਤੇ ਕਾਲ ਡਿਟੇਲ ਰਾਹੀਂ ਧੋਖਾਧੜੀ ਕਰਨ ਵਾਲੇ ਮੁਲਜ਼ਮ ਨੂੰ 5 ਅਪ੍ਰੈਲ ਨੂੰ ਨਾਰਨੌਲ ਤੋਂ ਗ੍ਰਿਫ਼ਤਾਰ ਕੀਤਾ, ਜਿਸ ਦੀ ਪਛਾਣ ਮਹਿੰਦਰਗੜ੍ਹ ਸਥਿਤ ਨਾਰਨੌਲ ਦੇ ਪਿੰਡ ਸ਼ਾਹਰਪੁਰ ਵਾਸੀ ਮਹਿਕ ਯਾਦਵ ਵੱਜੋਂ ਹੋਈ।
ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਖ਼ਾਤੇ ’ਚ 1 ਕਰੋੜ 5 ਲੱਖ ਰੁਪਏ ਆਏ ਸਨ। ਕਮਿਸ਼ਨ ਵਜੋਂ 1 ਲੱਖ 20 ਹਜ਼ਾਰ ਰੁਪਏ ਕੋਲ ਰੱਖੇ। ਇਸ ਤੋਂ ਬਾਅਦ ਪੁਲਸ ਨੇ ਰਿਮਾਂਡ ਦੌਰਾਨ ਮਹਿਕ ਦੀ ਨਿਸ਼ਾਨਦੇਹੀ ’ਤੇ ਦੂਜੇ ਮੁਲਜ਼ਮ ਸਚਿਨ ਸ਼ਰਮਾ ਉਰਫ਼ ਮੋਨੂੰ ਵਾਸੀ ਪਿੰਡ ਮਾਦਰੀ, ਝੁੰਝਨੂ (ਰਾਜਸਥਾਨ) ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਦੋਵਾਂ ਧੋਖੇਬਾਜ਼ਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਰਕਮ ਬਰਾਮਦ ਕੀਤੀ ਜਾ ਸਕੇ।