ਵਿਦੇਸ਼ ’ਚ ਨੌਕਰੀ ਤੇ ਕਾਲਜ ’ਚ ਦਾਖ਼ਲਾ ਦਿਵਾਉਣ ਦੇ ਨਾਂ ’ਤੇ ਲੱਖਾਂ ਦੀ ਠੱਗੀ
Wednesday, Oct 16, 2024 - 12:14 PM (IST)
ਚੰਡੀਗੜ੍ਹ (ਸੁਸ਼ੀਲ) : ਆਸਟ੍ਰੇਲੀਆ ’ਚ ਨੌਕਰੀ ਅਤੇ ਕਾਲਜ ’ਚ ਦਾਖ਼ਲਾ ਕਰਵਾਉਣ ਦੇ ਨਾਂ ’ਤੇ ਹਰਿਆਣਾ ਦੇ 2 ਵਿਅਕਤੀਆਂ ਨਾਲ 21 ਲੱਖ ਦੀ ਠੱਗੀ ਹੋ ਗਈ। ਸੈਕਟਰ-3 ਤੇ 17 ਥਾਣਾ ਪੁਲਸ ਨੇ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਸੈਕਟਰ-17 ਸਥਿਤ ਵੀਜ਼ਾ ਸਪੋਟ ਸਰਵਿਸ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮਾਲਕ ਸਤਬੀਰ ਤੇ ਨਿਤਿਨ ’ਤੇ ਮਾਮਲਾ ਦਰਜ ਕੀਤਾ। ਕੁਰੂਕਸ਼ੇਤਰ ਨਿਵਾਸੀ ਸਾਕਸ਼ੀ ਨੇ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਆਸਟ੍ਰੇਲੀਆ ਲਈ ਸੈਕਟਰ-17 ਸਥਿਤ ਵੀਜ਼ਾ ਸਪੋਟ ਸਰਵਿਸ ਪ੍ਰਾਈਵੇਟ ਲਿਮਟਿਡ ਕੰਪਨੀ ਨਾਲ ਸੰਪਰਕ ਕੀਤਾ।
ਕੋਮਲ, ਨਵਨੀਤ ਤੇ ਅਮਨ ਨੇ ਆਸਟ੍ਰੇਲੀਆ ’ਚ ਕੁੱਕ ਦੀ ਨੌਕਰੀ ਦਿਵਾਉਣ ਬਦਲੇ 18 ਲੱਖ ਦੀ ਮੰਗ ਕੀਤੀ। ਸਾਕਸ਼ੀ ਨੇ 9 ਲੱਖ 55 ਹਜ਼ਾਰ ਨਕਦੀ ਤੇ ਦਸਤਾਵੇਜ਼ ਦੇ ਦਿੱਤੇ। ਕੰਪਨੀ ਨੇ ਨਾ ਵੀਜ਼ਾ ਲਗਵਾਇਆ ਤੇ ਨਾ ਹੀ ਪੈਸੇ ਮੋੜੇ। ਸੈਕਟਰ-3 ਥਾਣਾ ਪੁਲਸ ਨੇ ਜਾਂਚ ਤੋਂ ਬਾਅਦ ਕੰਪਨੀ ਦੇ ਡਾਇਰੈਕਟਰ ਸਤਬੀਰ ਸਿੰਘ ਖ਼ਿਲਾਫ਼ ਧੋਖਾਧੜੀ ਤੇ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਦੂਜਾ ਮਾਮਲੇ ’ਚ ਫ਼ਤਿਹਾਬਾਦ ਨਿਵਾਸੀ ਸ਼ਮਸ਼ੇਰ ਸਿੰਘ ਨੇ ਬੇਟੇ ਨੂੰ ਪੜ੍ਹਾਈ ਲਈ ਆਸਟ੍ਰੇਲੀਆ ਭੇਜਣਾ ਸੀ ਤਾਂ ਉਸ ਨੇ ਵੀਜ਼ਾ ਸਪੋਟ ਸਰਵਿਸ ਪ੍ਰਾਈਵੇਟ ਲਿਮਟਿਡ ਕੰਪਨੀ ਨਾਲ ਸੰਪਰਕ ਕੀਤਾ। 26 ਜੂਨ ਨੂੰ ਸੈਕਟਰ-17 ਵੀਜ਼ਾ ਸਪੋਟ ਸਰਵਿਸ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਕਰਮਚਾਰੀ ਨਿਤਿਨ ਧੀਮਾਨ ਨਾਲ ਸੰਪਰਕ ਕੀਤਾ। ਬੇਟੇ ਨੂੰ ਆਸਟ੍ਰੇਲੀਆ ਭੇਜਣ ਦੇ ਲਈ ਨਿਤਿਨ ਨੇ ਆਸਟ੍ਰੇਲੀਆ ਦੇ ਟ੍ਰੇਡ ਕਾਲਜ ਦਾ ਆਫ਼ਰ ਲੈਟਰ ਦਿੱਤਾ। ਇਸ ਤੋਂ ਬਾਅਦ ਨਿਤਿਨ ਨੂੰ 9 ਲੱਖ 12 ਹਜ਼ਾਰ 800 ਰੁਪਏ ਕਾਲਜ ਦੀ ਫੀਸ ਦਿੱਤੀ। ਕੁੱਝ ਦਿਨ ਬਾਅਦ ਫਿਰ ਕੰਪਨੀ ਦਾ ਦਫ਼ਤਰ ਬੰਦ ਮਿਲਿਆ ਤੇ ਮਾਲਕ ਤੇ ਕਰਮਚਾਰੀਆਂ ਦੇ ਫੋਨ ਸਵਿਚ ਆਫ ਸਨ। ਉਨ੍ਹਾਂ ਠੱਗੀ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।