6 ਕਰੋੜ ਦੀ ਧੋਖਾਧੜੀ ਦੇ ਚਾਰ ਹੋਰ ਮਾਮਲੇ ਦਰਜ, ਸਟੱਡੀ ਵੀਜ਼ਾ ਦੇ ਨਾਂ ’ਤੇ ਮੁਲਜ਼ਮ ਮਾਰਦੇ ਸੀ ਠੱਗੀ
Sunday, Aug 18, 2024 - 02:26 PM (IST)
            
            ਚੰਡੀਗੜ੍ਹ (ਸੁਸ਼ੀਲ) : ਵਰਕ ਵੀਜ਼ਾ ਦਿਵਾਉਣ ਦੇ ਨਾਂ ’ਤੇ ਨੌਜਵਾਨਾਂ ਨੂੰ ਜਾਅਲੀ ਆਫਰ ਲੈਟਰ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਪੁਲਸ ਨੇ ਅਮਿਤ ਅਰੋੜਾ, ਵਿਕਾਸ ਸ਼ਰਮਾ ਅਤੇ ਤਰਨਦੀਪ ਕੌਰ ਖ਼ਿਲਾਫ਼ ਧੋਖਾਧੜੀ ਦੇ ਚਾਰ ਮਾਮਲੇ ਦਰਜ ਕੀਤੇ ਹਨ। ਚਾਰ ਮਾਮਲਿਆਂ ’ਚ ਉਕਤ ਵਿਅਕਤੀਆਂ ਨੇ 6 ਕਰੋੜ ਦੀ ਠੱਗੀ ਮਾਰੀ ਹੈ। ਸੈਕਟਰ-17 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ਿਕਾਇਤਕਰਤਾ ਲਵਪ੍ਰੀਤ ਕੌਰ ਅਤੇ 15 ਨੌਜਵਾਨਾਂ ਨਾਲ ਵਿਕਾਸ ਸ਼ਰਮਾ, ਤਰਨਦੀਪ ਕੌਰ ਅਤੇ ਅਮਿਤ ਅਰੋੜਾ ਨੇ ਸਟੱਡੀ ਵੀਜ਼ਾ ਦਿਵਾਉਣ ਦੇ ਨਾਂ ’ਤੇ 1 ਕਰੋੜ 60 ਲੱਖ ਰੁਪਏ ਦੀ ਠੱਗੀ ਮਾਰੀ। ਉਕਤ ਲੋਕਾਂ ਨੇ ਕਰੋੜਾਂ ਰੁਪਏ ਲੈ ਕੇ ਨੌਜਵਾਨਾਂ ਨੂੰ ਜਾਅਲੀ ਆਫਰ ਲੈਟਰ ਵੀ ਜਾਰੀ ਕੀਤੇ ਸਨ। ਸੈਕਟਰ-17 ਥਾਣੇ ਦੀ ਪੁਲਸ ਨੇ ਮਾਮਲੇ ਦੀ ਜਾਂਚ ਕਰਕੇ ਉਕਤ ਮੁਲਜ਼ਮਾਂ ਖ਼ਿਲਾਫ਼ 30 ਜੂਨ 2024 ਨੂੰ ਮਾਮਲਾ ਦਰਜ ਕਰ ਲਿਆ ਸੀ।
11 ਅਗਸਤ ਨੂੰ ਮੁਲਜ਼ਮਾਂ ਨੂੰ ਕੀਤਾ ਸੀ ਗ੍ਰਿਫ਼ਤਾਰ
ਪੁਲਸ ਨੇ 11 ਅਗਸਤ, 2024 ਨੂੰ ਅਮਿਤ ਅਰੋੜਾ ਉਰਫ਼ ਰਚਿਤ ਬਜਾਜ ਵਾਸੀ ਸੈਕਟਰ-91, ਮੋਹਾਲੀ ਅਤੇ ਵਿਕਾਸ ਸ਼ਰਮਾ, ਵਾਸੀ ਸੈਕਟਰ-88, ਮੋਹਾਲੀ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਦੌਰਾਨ ਅਮਿਤ ਅਰੋੜਾ ਕੋਲੋਂ ਵੱਖ-ਵੱਖ ਪਛਾਣਾਂ ਵਾਲੇ ਦੋ ਪਾਸਪੋਰਟ ਬਰਾਮਦ ਹੋਏ। ਇਸ ਮਾਮਲੇ ’ਚ ਭਗੌੜੇ ਹੋਏ ਮੋਹਾਲੀ ਸੈਕਟਰ-70 ਦੀ ਰਹਿਣ ਵਾਲੀ ਕੁਸ਼ਲਦੀਪ ਕੌਰ ਉਰਫ਼ ਤਰਨਦੀਪ ਕੌਰ ਨੂੰ ਪੁਲਸ ਨੇ 16 ਅਗਸਤ ਨੂੰ ਕਾਬੂ ਕਰ ਲਿਆ ਸੀ। ਪੁਲਸ ਨੇ ਮੁਲਜ਼ਮ ਔਰਤ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।
