ਅਜ਼ਰਬੈਜਾਨ ਭੇਜਣ ਦੇ ਨਾਂ ’ਤੇ 27 ਲੋਕਾਂ ਨਾਲ 35 ਲੱਖ ਰੁਪਏ ਦੀ ਠੱਗੀ

Monday, Aug 12, 2024 - 01:16 PM (IST)

ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-32 ਸਥਿਤ ਵੀਜ਼ਾ ਕੰਪਨੀ ਦੇ ਮਾਲਕ ਅਤੇ ਮੁਲਾਜ਼ਮਾਂ ਨੇ ਤਰਖਾਣ ਅਤੇ ਮਜ਼ਦੂਰੀ ਦੇ ਕੰਮ ਲਈ ਅਜ਼ਰਬੈਜਾਨ ਭੇਜਣ ਦੇ ਨਾਂ ’ਤੇ 27 ਲੋਕਾਂ ਨਾਲ 35 ਲੱਖ ਰੁਪਏ ਦੀ ਠੱਗੀ ਮਾਰੀ ਹੈ। ਨਾਗਪੁਰ ਨਿਵਾਸੀ ਗਣੇਸ਼ਮਲ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਸਾਈਬਰ ਸੈੱਲ ਨੇ ਜਾਂਚ ਕਰਕੇ ਵੀਜ਼ਾ ਕੰਪਨੀ ਦੇ ਮਾਲਕ ਅਤੇ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਗਣੇਸ਼ਮਲ ਨੇ ਪੁਲਸ ਨੂੰ ਦੱਸਿਆ ਕਿ ਉਹ ਤਰਖਾਣ ਦਾ ਕੰਮ ਕਰਦਾ ਹੈ। ਫੇਸਬੁੱਕ ’ਤੇ ਇਸ਼ਤਿਹਾਰ ਦੇਖ ਕੇ ਉਸ ਨੇ ਸੈਕਟਰ-32 ਸਥਿਤ ਵੀਜ਼ਾ ਕੰਪਨੀ ਨੂੰ ਫੋਨ ਕੀਤਾ, ਜਿਸ ਨੂੰ ਕੁੜੀ ਗ਼ਜ਼ਲ ਕਪੂਰ ਨੇ ਚੁੱਕਿਆ। ਉਸ ਨੇ 25 ਅਪ੍ਰੈਲ ਨੂੰ ਦਫ਼ਤਰ ਬੁਲਾਇਆ। ਦਫ਼ਤਰ ਵਿਚ ਤਿੰਨ ਕੁੜੀਆਂ ਅਤੇ ਦੋ ਮੁੰਡੇ ਕੰਮ ਕਰ ਰਹੇ ਸਨ।

ਉਨ੍ਹਾਂ ਨੇ ਦੱਸਿਆ ਕਿ 30 ਲੋਕਾਂ ਦਾ ਇਕ ਗਰੁੱਪ ਅਜ਼ਰਬੈਜਾਨ ਭੇਜਿਆ ਜਾਣਾ ਹੈ, ਜਿਸ ਵਿਚ ਤਰਖਾਣ ਅਤੇ ਮਜ਼ਦੂਰ ਸ਼ਾਮਲ ਹਨ। ਉਨ੍ਹਾਂ ਨੇ ਪ੍ਰਤੀ ਵਿਅਕਤੀ ਇਕ ਲੱਖ 35 ਹਜ਼ਾਰ ਰੁਪਏ ਮੰਗੇ ਅਤੇ ਅਜ਼ਰਬੈਜਾਨ ਪਹੁੰਚ ਕੇ ਕੰਮ ਦਿਵਾਉਣ ਦਾ ਦਾਅਵਾ ਕੀਤਾ। ਸ਼ਿਕਾਇਤਕਰਤਾ ਨੇ ਆਪਣੇ ਪਿੰਡ ਜਾ ਕੇ ਲੋਕਾਂ ਅਤੇ ਰਿਸ਼ਤੇਦਾਰਾਂ ਨੂੰ ਦੱਸਿਆ। ਇਸ ਤੋਂ ਬਾਅਦ ਕੁੜੀ ਨੂੰ ਵੀਜ਼ਾ ਲਗਵਾਉਣ ਲਈ ਪੰਜ ਲੋਕਾਂ ਦੇ ਪਾਸਪੋਰਟ ਭੇਜੇ ਗਏ। ਕੁੜੀ ਨੇ ਸਾਰਿਆਂ ਨੂੰ ਆਫਰ ਲੈਟਰ ਬਣਾ ਕੇ ਵਟਸਐਪ ’ਤੇ ਭੇਜ ਕੇ 25,000 ਰੁਪਏ ਮੰਗੇ, ਜੋ ਗੂਗਲ ਪੇਅ ਰਾਹੀਂ ਭੇਜੇ ਗਏ। ਇਸ ਤੋਂ ਬਾਅਦ 9 ਜੂਨ ਨੂੰ ਕੰਪਨੀ ਦੇ ਖ਼ਾਤੇ ’ਚ 50 ਹਜ਼ਾਰ ਰੁਪਏ ਜਮ੍ਹਾਂ ਕਰਵਾਏ ਗਏ। 10 ਜੂਨ ਨੂੰ ਪੱਪੂ ਰਾਮ, ਕਮਲ ਦਵਾਰਿਕਾ ਪ੍ਰਸਾਦ ਅਤੇ ਡਰਾਈਵਰ ਸੁਰੇਸ਼ ਇਮੀਗ੍ਰੇਸ਼ਨ ਕੰਪਨੀ ਦੇ ਦਫ਼ਤਰ ਆਏ।

ਉਨ੍ਹਾਂ ਨੇ 11 ਲੱਖ 9 ਹਜ਼ਾਰ ਰੁਪਏ ਨਕਦ ਦਿੱਤੇ। 10 ਜੂਨ 1 ਲੱਖ 9 ਹਜ਼ਾਰ ਰੁਪਏ, ਸੁਰਿੰਦਰ ਦੇ ਖ਼ਾਤੇ ’ਚੋਂ 15 ਹਜ਼ਾਰ, 60 ਹਜ਼ਾਰ, 25 ਹਜ਼ਾਰ, 15 ਹਜ਼ਾਰ, 25 ਹਜ਼ਾਰ ਅਤੇ 1 ਲੱਖ 40 ਹਜ਼ਾਰ ਰੁਪਏ ਭੇਜੇ ਗਏ ਸਨ। ਦਵਾਰਿਕਾ ਪ੍ਰਸਾਦ ਦੇ ਖਾਤੇ ’ਚੋਂ ਇਕ ਲੱਖ 39 ਹਜ਼ਾਰ 999 ਰੁਪਏ ਜਮ੍ਹਾਂ ਕਰਵਾਏ ਗਏ। ਕੰਪਨੀ ਨੇ ਕਿਹਾ ਕਿ 15 ਜੂਨ ਦੀ ਟਿਕਟ ਤਿਆਰ ਹੈ। ਕੁੱਲ 27 ਲੋਕਾਂ ਨੂੰ ਵਿਦੇਸ਼ ਭੇਜਿਆ ਜਾਣਾ ਸੀ, ਪਰ ਕੰਪਨੀ ਨੇ ਜਾਅਲੀ ਟਿਕਟਾਂ ਅਤੇ ਵੀਜ਼ੇ ਦਿੱਤੇ। ਇਸ ਤੋਂ ਬਾਅਦ ਉਕਤ ਕੰਪਨੀ ਨੇ ਪੈਸੇ ਅਤੇ ਦਸਤਾਵੇਜ਼ ਦੇਣ ਤੋਂ ਇਨਕਾਰ ਕਰ ਦਿੱਤਾ। ਸਾਈਬਰ ਸੈੱਲ ਨੇ ਵੀਜ਼ਾ ਕੰਪਨੀ ਦੇ ਮਾਲਕ ਅਤੇ ਮੁਲਾਜ਼ਮਾਂ ਖ਼ਿਲਾਫ਼ 35 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।


Babita

Content Editor

Related News