ਮੋਬਾਇਲ ਐਪ ਅਪਡੇਟ ਕਰਨ ਦੇ ਨਾਂ ’ਤੇ 2.90 ਲੱਖ ਦਾ ਲਾਇਆ ਚੂਨਾ
Monday, Jan 29, 2024 - 02:32 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਸ਼ਹਿਰ 'ਚ ਸਰਗਰਮ ਸਾਈਬਰ ਠੱਗਾਂ ਨੇ ਸ਼ਹਿਰ 'ਚ ਰਹਿਣ ਵਾਲੇ ਇਕ ਵਿਅਕਤੀ ਨੂੰ ਮੋਬਾਇਲ ਐਪ ਅਪਡੇਟ ਕਰਨ ਦੇ ਨਾਂ ’ਤੇ ਠੱਗੀ ਦਾ ਸ਼ਿਕਾਰ ਬਣਾ ਲਿਆ। ਠੱਗਾਂ ਨੇ ਸੈਕਟਰ-39 ਦੇ ਰਹਿਣ ਵਾਲੇ ਪੀੜਤ ਨਾਲ ਆਈ. ਸੀ. ਆਈ. ਸੀ. ਬੈਂਕ ਦਾ ਮੁਲਾਜ਼ਮ ਬਣ ਕੇ ਗੱਲ ਕੀਤੀ। ਇਸ ਤੋਂ ਬਾਅਦ ਵਟਸਐਪ ’ਤੇ ਐਪ ਅਤੇ ਲਿੰਕ ਭੇਜ ਕੇ ਉਸਦੇ ਕ੍ਰੈਡਿਟ ਕਾਰਡ ਦੇ ਵੇਰਵੇ ਹਾਸਲ ਕੀਤੇ ਅਤੇ 2.90 ਲੱਖ ਰੁਪਏ ਦੀ ਧੋਖਾਦੇਹੀ ਕੀਤੀ। ਥਾਣਾ ਸਾਈਬਰ ਸੈੱਲ ਦੀ ਪੁਲਸ ਨੇ ਪੀੜਤ ਦੀ ਸ਼ਿਕਾਇਤ ’ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੈਕਟਰ-39 ਦੇ ਵਸਨੀਕ ਬੀ. ਦੇਵਦੱਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 18 ਜਨਵਰੀ 2024 ਨੂੰ ਉਨ੍ਹਾਂ ਦੇ ਮੋਬਾਇਲ ’ਤੇ ਕਿਸੇ ਅਣਪਛਾਤੇ ਨੰਬਰ ਤੋਂ ਕਾਲ ਆਈ ਸੀ। ਫੋਨ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਆਈ. ਸੀ. ਆਈ. ਸੀ. ਬੈਂਕ ਦੇ ਕ੍ਰੈਡਿਟ ਕਾਰਡ ਵਿਭਾਗ ਤੋਂ ਕਾਲ ਕਰ ਰਿਹਾ ਸੀ। ਮੁਲਜ਼ਮ ਨੇ ਦੱਸਿਆ ਕਿ ਉਸ ਦਾ ਨਾਂ ਰਾਹੁਲ ਹੈ ਅਤੇ ਉਹ ਵਿਭਾਗ ਵਿਚ ਨੌਕਰੀ ਕਰਦਾ ਹੈ। ਮੁਲਜ਼ਮ ਨੇ ਉਨ੍ਹਾਂ ਨੂੰ ਆਪਣੇ ਆਈ. ਸੀ. ਆਈ. ਸੀ. ਬੈਂਕ ਦੀ ਮੋਬਾਇਲ ਐਪ ਅਪਡੇਟ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਤੁਰੰਤ ਬਾਅਦ ਮੁਲਜ਼ਮ ਨੇ ਆਪਣੇ ਮੋਬਾਇਲ ਦੇ ਵਟਸਐਪ ਨੰਬਰ ’ਤੇ ਐਪ ਅਤੇ ਲਿੰਕ ਭੇਜਿਆ।
ਜਦੋਂ ਉਨ੍ਹਾਂ ਨੇ ਆਪਣੇ ਮੋਬਾਇਲ ’ਤੇ ਭੇਜੀ ਐਪ ਨੂੰ ਇੰਸਟਾਲ ਕੀਤਾ, ਤਾਂ ਉਨ੍ਹਾਂ ਨੇ ਕ੍ਰੈਡਿਟ ਕਾਰਡ ਦੇ ਵੇਰਵੇ ਮੰਗੇ। ਪੀੜਤ ਅਨੁਸਾਰ ਕ੍ਰੈਡਿਟ ਕਾਰਡ ਨਾਲ ਸਬੰਧਤ ਸਾਰੇ ਵੇਰਵੇ ਦਰਜ ਕਰਨ ਤੋਂ ਤੁਰੰਤ ਬਾਅਦ ਫ਼ੋਨ ਕੱਟਿਆ ਗਿਆ ਅਤੇ ਉਸ ਨੂੰ ਪੈਸੇ ਡੈਬਿਟ ਹੋਣ ਦੇ ਸੰਦੇਸ਼ ਮਿਲਣ ਲੱਗੇ। ਇਸ ਤਰ੍ਹਾਂ ਉਸਦੇ ਖਾਤੇ ਵਿਚੋਂ 2 ਲੱਖ 90 ਹਜ਼ਾਰ 128 ਰੁਪਏ ਡੈਬਿਟ ਹੋ ਗਏ। ਇਸ ਤੋਂ ਬਾਅਦ ਪੀੜਤ ਨੇ ਆਪਣੇ ਨਾਲ ਹੋਈ ਧੋਖਾਦੇਹੀ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਸਾਈਬਰ ਥਾਣਾ ਪੁਲਸ ਨੂੰ ਆਪਣੇ ਨਾਲ ਹੋਈ ਧੋਖਾਦੇਹੀ ਦੀ ਸ਼ਿਕਾਇਤ ਕੀਤੀ। ਸਾਈਬਰ ਥਾਣਾ ਪੁਲਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।