6 ਕਨਾਲ ਜ਼ਮੀਨ ਦਾ ਸੌਦਾ ਕਰ ਕੇ 3 ਕਨਾਲ ਦੀ ਰਜਿਸਟਰੀ ਕਰਵਾਉਣ ’ਤੇ ਧੋਖਾਦੇਹੀ ਦਾ ਪਰਚਾ ਦਰਜ

Saturday, Sep 30, 2023 - 01:25 PM (IST)

6 ਕਨਾਲ ਜ਼ਮੀਨ ਦਾ ਸੌਦਾ ਕਰ ਕੇ 3 ਕਨਾਲ ਦੀ ਰਜਿਸਟਰੀ ਕਰਵਾਉਣ ’ਤੇ ਧੋਖਾਦੇਹੀ ਦਾ ਪਰਚਾ ਦਰਜ

ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਬੀਤੀ ਰਾਤ ਇਕ ਵਿਅਕਤੀ ਖ਼ਿਲਾਫ਼ ਧੋਖਾਦੇਹੀ ਕਰਨ ਦਾ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਸਲੇਮ ਟਾਬਰੀ ਲਕਸ਼ਮੀ ਪੁਰੀ ਦੇ ਰਹਿਣ ਵਾਲੇ ਦਵਿੰਦਰ ਭਾਰਦਵਾਜ ਪੁੱਤਰ ਜਗਦੀਸ਼ ਚੰਦਰ ਨੇ 6 ਸਤੰਬਰ 2022 ਨੂੰ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ’ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਮਹਿੰਦਰ ਸਿੰਘ ਪੁੱਤਰ ਬਾਲ ਸਿੰਘ ਨਿਵਾਸੀ ਪਿੰਡ ਪੁਆਰੀ ਫਿਲੌਰ ਦੇ ਨਾਲ ਪਿੰਡ ਭੱਟੀਆਂ ਬੇਟ ਦੀ 6 ਕਨਾਲ 4 ਮਰਲੇ ਜ਼ਮੀਨ ਦਾ ਸੌਦਾ 1 ਕਰੋੜ 84 ਲੱਖ ’ਚ ਕੀਤਾ ਸੀ।

ਹੁਣ ਜ਼ਮੀਨ ਦੀ ਰਜਿਸਟਰੀ ਕਰਵਾਉਣ ਦਾ ਸਮਾਂ ਆਇਆ ਤਾਂ ਮਹਿੰਦਰ ਸਿੰਘ ਨੇ ਉਸ ਨੂੰ 3 ਕਨਾਲ 10 ਮਰਲੇ ਦੀ ਰਜਿਸਟਰੀ ਕਰਵਾ ਦਿੱਤੀ ਅਤੇ ਬਾਕੀ ਜ਼ਮੀਨ ਦੀ ਨਹੀਂ ਕਰਵਾਈ, ਜਿਸ ਤੋਂ ਬਾਅਦ ਪੁਲਸ ਨੇ ਉੱਚ ਅਧਿਕਾਰੀਆਂ ਨੇ ਉਕਤ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮਹਿੰਦਰ ਸਿੰਘ ਖ਼ਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕਰਨ ਲਈ ਥਾਣਾ ਸਲੇਮ ਟਾਬਰੀ ਦੀ ਪੁਲਸ ਨੂੰ ਸ਼ਿਕਾਇਤ ਕੀਤੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ ’ਚ ਤੁਰੰਤ ਕਾਰਵਾਈ ਕਰਦੇ ਹੋਏ ਮੁਲਜਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹੁਣ ਤੱਕ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।


author

Babita

Content Editor

Related News