ਲੰਡਨ ’ਚ ਰਹਿ ਰਹੇ ਭੈਣ-ਭਰਾ ਦੇ ਖ਼ਾਤੇ ’ਚੋਂ ਨਿਕਲੇ 57.60 ਲੱਖ
Thursday, Sep 07, 2023 - 12:45 PM (IST)

ਲੁਧਿਆਣਾ (ਰਿਸ਼ੀ) : ਲੰਡਨ ’ਚ ਰਹਿ ਰਹੇ ਭੈਣ-ਭਰਾ ਦੇ ਖ਼ਾਤੇ ’ਚੋਂ 57 ਲੱਖ, 60 ਹਜ਼ਾਰ ਰੁਪਏ ਦੀ ਨਕਦੀ ਧੋਖੇ ਨਾਲ ਕਢਵਾਉਣ ਦੇ ਮਾਮਲੇ ’ਚ ਥਾਣਾ ਸਦਰ ਦੀ ਪੁਲਸ ਨੇ ਐੱਚ. ਡੀ. ਐੱਫ. ਸੀ. ਬੈਂਕ ਦੇ ਮੈਨੇਜਰ ਦੀ ਸ਼ਿਕਾਇਤ ’ਤੇ ਧੋਖਾਦੇਹੀ, ਆਈ. ਟੀ. ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਮੁਤਾਬਕ ਮੁਲਜ਼ਮਾਂ ਦੀ ਪਛਾਣ ਸਨੇਹਾ ਗੁਪਤਾ ਨਿਵਾਸੀ ਗੀਤਾ ਵਿਹਾਰ ਥਰੀਕੇ, ਕਿਰਨ ਦੇਵੀ ਨਿਵਾਸੀ ਹਰਿਆਣਾ ਅਤੇ ਇਕ ਅਣਪਛਾਤੀ ਔਰਤ ਵਜੋਂ ਹੋਈ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪੁਨੀਤ ਸਾਹਨੀ ਨਿਵਾਸੀ ਪ੍ਰੇਮ ਵਿਹਾਰ, ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ ਨੇ ਦੱਸਿਆ ਕਿ ਐੱਚ. ਡੀ. ਐੱਫ. ਸੀ. ਬੈਂਕ ਫੁੱਲਾਂਵਾਲ ਬ੍ਰਾਂਚ ’ਚ ਬਤੌਰ ਮੈਨੇਜਰ ਕੰਮ ਕਰਦਾ ਹੈ। ਉਨ੍ਹਾਂ ਦੀ ਬ੍ਰਾਂਚ ’ਚ ਰਮਨਦੀਪ ਸਿੰਘ ਗਰੇਵਾਲ ਅਤੇ ਉਸ ਦੀ ਭੈਣ ਹਰਪ੍ਰੀਤ ਕੌਰ ਦਾ ਖ਼ਾਤਾ ਹੈ।
ਦੋਵੇਂ ਇਸ ਸਮੇਂ ਲੰਡਨ ਵਿਚ ਰਹਿ ਰਹੇ ਹਨ। ਇਨ੍ਹਾਂ ਦੋਵਾਂ ਦੇ ਖ਼ਾਤਿਆਂ ’ਚੋਂ ਉਕਤ ਮੁਲਜ਼ਮਾਂ ਨੇ ਆਨਲਾਈਨ ਨੈੱਟ ਬੈਂਕਿੰਗ, ਏ. ਟੀ. ਐੱਮ. ਅਤੇ ਸ਼ਾਪਿੰਗ ਜ਼ਰੀਏ 57 ਲੱਖ 60 ਹਜ਼ਾਰ, 732 ਰੁਪਏ ਕਢਵਾ ਲਏ। ਠੱਗੀ ਹੋਣ ਦਾ ਪਤਾ ਲੱਗਣ ’ਤੇ ਪੁਲਸ ਨੂੰ ਦਿੱਤੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ।