ਬੰਟੀ-ਬਬਲੀ ਦਾ ਇਕ ਹੋਰ ਕਾਰਨਾਮਾ, ਨੌਜਵਾਨ ਨੂੰ ਇੰਗਲੈਂਡ ਭੇਜਣ ਦੀ ਥਾਂ ਬੈਂਕਾਕ ਭੇਜਿਆ

Monday, May 06, 2019 - 12:55 PM (IST)

ਬੰਟੀ-ਬਬਲੀ ਦਾ ਇਕ ਹੋਰ ਕਾਰਨਾਮਾ, ਨੌਜਵਾਨ ਨੂੰ ਇੰਗਲੈਂਡ ਭੇਜਣ ਦੀ ਥਾਂ ਬੈਂਕਾਕ ਭੇਜਿਆ

ਜਲੰਧਰ (ਕਮਲੇਸ਼) - ਬੰਟੀ-ਬਬਲੀ ਦੇ ਨਾਂ ਨਾਲ ਮਸ਼ਹੂਰ ਠੱਗ ਟਰੈਵਲ ਏਜੰਟ ਅਵਤਾਰ ਸਿੰਘ ਮੁੰਡੀ ਤੇ ਬਲਜੀਤ ਕੌਰ 'ਤੇ ਫਿਰ ਤੋਂ ਵਿਦੇਸ਼ ਭੇਜਣ ਦੇ ਨਾਂ 'ਤੇ 13 ਲੱਖ 70 ਹਜ਼ਾਰ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ਲੱਗੇ ਹਨ। ਦੱਸ ਦੇਈਏ ਕਿ ਉਕਤ ਨੌਜਵਾਨਾਂ 'ਤੇ ਪਹਿਲਾਂ ਵੀ ਧੋਖਾਦੇਹੀ ਦੇ ਕਈ ਕੇਸ ਦਰਜ ਹੋ ਚੁੱਕੇ ਹਨ। ਇਨ੍ਹਾਂ ਲੋਕਾਂ ਨੇ ਨੌਜਵਾਨ ਨੂੰ ਇੰਗਲੈਂਡ ਭੇਜਣ ਦੀ ਜਗ੍ਹਾ ਬੈਂਕਾਕ ਭੇਜ ਦਿੱਤਾ। ਜਾਣਕਾਰੀ ਅਨੁਸਾਰ ਕੁਲਦੀਪ ਕੌਰ ਪਤਨੀ ਮੱਖਣ ਸਿੰਘ ਵਾਸੀ ਨਿਊ ਗੋਬਿੰਦ ਨਗਰ ਨੇ ਦੱਸਿਆ ਕਿ ਰਿੰਕੂ ਨਾਂ ਦੇ ਜਾਣਕਾਰ ਦੇ ਰਾਹੀਂ ਉਹ ਅਵਤਾਰ ਸਿੰਘ ਮੁੰਡੀ ਤੇ ਬਲਜੀਤ ਕੌਰ ਨੂੰ ਮਿਲੀ ਸੀ। ਉਸ ਨੇ ਬੇਟੇ ਨਵਨੀਤ ਨੂੰ ਇੰਗਲੈਂਡ ਭੇਜਣ ਦੀ ਗੱਲ ਕਹੀ ਤਾਂ ਦੋਨਾਂ ਨੇ ਇੰਗਲੈਂਡ ਭੇਜਣ ਲਈ ਉਨ੍ਹਾਂ ਕੋਲੋਂ 18 ਲੱਖ 50 ਹਜ਼ਾਰ ਰੁਪਏ ਦੀ ਮੰਗ ਕੀਤੀ। 

ਐਡਵਾਂਸ 'ਚ ਉਨ੍ਹਾਂ ਨੇ ਮੁੰਡੀ ਤੇ ਬਲਜੀਤ ਨੂੰ 4 ਲੱਖ ਰੁਪਏ ਕੈਸ਼ ਦਿੱਤੇ, ਜਦਕਿ ਬਾਕੀ ਦੀ ਰਕਮ ਉਨ੍ਹਾਂ ਨੇ ਇੰਗਲੈਂਡ ਭੇਜ ਕੇ ਲੈਣ ਦੀ ਗੱਲ ਕਹੀ। ਦੋਸ਼ ਹੈ ਕਿ 6 ਦਸੰਬਰ 2018 ਨੂੰ ਨਵਨੀਤ ਨੂੰ ਬੈਂਕਾਕ ਭੇਜ ਦਿੱਤਾ ਗਿਆ। ਭਰੋਸਾ ਦਿੱਤਾ ਗਿਆ ਬੈਂਕਾਕ ਤੋਂ ਉਸ ਨੂੰ ਇੰਗਲੈਂਡ ਭੇਜਿਆ ਜਾਵੇਗਾ ਪਰ ਬੈਂਕਾਕ 'ਚ ਉਸ ਨੂੰ ਬੰਧਕ ਬਣਾ ਕੇ ਉਕਤ ਲੋਕਾਂ ਨੇ 1.70 ਲੱਖ ਰੁਪਏ ਦੀ ਕੀਮਤ ਦੇ ਡਾਲਰ ਵੀ ਖੋਹ ਲਏ। ਬਹਾਨਾ ਬਣਾਇਆ ਕਿ ਦੋਬਾਰਾ ਤੋਂ ਨਵਨੀਤ ਨੂੰ ਭਾਰਤ ਭੇਜ ਕੇ ਸਿੱਧੀ ਫਲਾਈਟ ਇੰਗਲੈਂਡ ਦੀ ਦਿਵਾਈ ਜਾਵੇਗੀ। ਦੋਬਾਰਾ ਤੋਂ ਕੁਲਦੀਪ ਕੌਰ ਦੋਨਾਂ ਦੀਆਂ ਗੱਲਾਂ 'ਚ ਆ ਗਈ। ਇਸ 'ਤੇ ਦੋਸ਼ੀਆਂ ਨੇ ਸਿੱਧੀ ਫਲਾਈਟ ਲਈ 8 ਲੱਖ ਰੁਪਏ ਹੋਰ ਮੰਗੇ। 1 ਜਨਵਰੀ 2019 ਨੂੰ ਕੁਲਦੀਪ ਕੌਰ ਨੇ ਆਪਣੇ ਗਹਿਣੇ ਵੇਚ ਕੇ 8 ਲੱਖ ਰੁਪਏ ਵੀ ਦੇ ਦਿੱਤੇ ਪਰ ਉਸ ਤੋਂ ਬਾਅਦ ਉਕਤ ਲੋਕਾਂ ਨੇ ਨਵਨੀਤ ਨੂੰ ਇੰਗਲੈਂਡ ਨਹੀਂ ਭੇਜਿਆ। ਕੁਲਦੀਪ ਕੌਰ ਦੇ ਫੋਨ ਉਠਾਉਣੇ ਵੀ ਬੰਦ ਕਰ ਦਿੱਤੇ, ਜਦਕਿ ਪਾਸਪੋਰਟ ਵੀ ਏਜੰਟ ਕੋਲ ਹੀ ਹੈ। ਇਸ ਸਬੰਧੀ ਹੁਣ ਕੁਲਦੀਪ ਕੌਰ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਇਨਸਾਫ ਲਈ ਫਰਿਆਦ ਕੀਤੀ ਹੈ। ਦੱਸ ਦੇਈਏ ਕਿ ਅਵਤਾਰ ਸਿੰਘ ਮੁੰਡੀ ਤੇ ਬਲਜੀਤ ਕੌਰ 'ਤੇ ਵੱਖ-ਵੱਖ ਥਾਣਿਆਂ 'ਚ ਅੱਧਾ ਦਰਜਨ ਤੋਂ ਜ਼ਿਆਦਾ ਕੇਸ ਧੋਖਾਦੇਹੀ ਦੇ ਦਰਜ ਹਨ। ਕੁਝ ਕੇਸਾਂ 'ਚ ਉਹ ਬਰੀ ਵੀ ਹੋ ਚੁੱਕੇ ਹਨ।


author

rajwinder kaur

Content Editor

Related News