ਖਾਲੀ ਚੈੱਕ ’ਤੇ ਲੱਖਾਂ ਦੀ ਰਕਮ ਭਰ ਕੇ ਜਾਅਲੀ ਦਸਤਖਤ ਕਰ ਕੇ ਕੀਤੀ ਧੋਖਾਦੇਹੀ

07/21/2018 4:43:39 AM

ਸੰਗਤ ਮੰਡੀ, (ਮਨਜੀਤ)- ਪਿੰਡ ਮਛਾਣਾ ਵਿਖੇ ਸਕੇ ਭਤੀਜੇ ਅਤੇ ਉਸ ਦੀ ਪਤਨੀ ਵੱਲੋਂ ਪੰਜਾਬ ਮੰਡੀ ਬੋਰਡ ਦੇ ਸਾਬਕਾ ਕਰਮਚਾਰੀ ਫੌਜਾ ਸਿੰਘ ਦੇ ਚੈੱਕ ਚੋਰੀ ਕਰਦਿਆਂ ਉਨ੍ਹਾਂ ’ਤੇ ਲੱਖਾਂ ਦੀ ਰਕਮ ਭਰ ਕੇ ਜਿਥੇ ਧੋਖਾਦੇਹੀ ਕੀਤੀ ਗਈ  ਉਥੇ ਹੀ ਚੈੱਕਾਂ ’ਤੇ ਜਾਅਲੀ ਦਸਤਖਤ ਕਰ ਕੇ ਉਸ ਨੂੰ ਬਲੈਕਮੇਲ ਵੀ ਕੀਤਾ ਗਿਆ। 
ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਦੀਪ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਲਖਵੀਰ ਕੌਰ ਪਤਨੀ ਲਖਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਪੁੱਤਰ ਸੁਖਜੀਤ ਸਿੰਘ ਵਾਸੀ ਕੋਟਕਪੂਰਾ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਕਤ ਪਤੀ-ਪਤਨੀ ਨੇ ਉਨ੍ਹਾਂ ਦੇ ਭਰਾ ਨਾਲ ਚੈੱਕ ਚੋਰੀ ਕਰ ਕੇ ਧੋਖਾਦੇਹੀ ਕੀਤੀ ਹੈ।
 ਉਨ੍ਹਾਂ ਦੱਸਿਆ ਕਿ ਲਖਵਿੰਦਰ ਸਿੰਘ ਫੌਜਾ ਸਿੰਘ ਦਾ ਭਤੀਜਾ ਹੈ, ਜਿਸ ਕਾਰਨ ਉਹ ਉਨ੍ਹਾਂ ਦੇ ਘਰ ਆਉਂਦੇ-ਜਾਂਦੇ ਰਹਿੰਦੇ ਸਨ, ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ’ਚ ਅਣਬਣ ਹੋ ਗਈ, ਜਿਸ ਕਾਰਨ ਉਹ ਫੌਜਾ ਸਿੰਘ ਵਿਰੁੱਧ ਰੰਜਿਸ਼ ਰੱਖਣ ਲੱਗ ਪਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਾਰੀ ਜ਼ਮੀਨ ਵੀ ਸਾਂਝੀ ਸੀ ਤੇ ਉਨ੍ਹਾਂ ਦਾ ਲੈਣ-ਦੇਣ ਵੀ ਇਕ ਦੂਸਰੇ ਨਾਲ ਚੱਲਦਾ ਰਹਿੰਦਾ ਸੀ। ਇਸੇ ਕਾਰਨ ਉਸ ਨੇ ਇਕ ਦਿਨ ਫੌਜਾ ਸਿੰਘ ਦੀ ਚੈੱਕਬੁੱਕ ਲੈ ਲਈ। ਕੁਝ ਸਮੇਂ ਬਾਅਦ ਚੈੱਕ ਸਬੰਧੀ ਉਨ੍ਹਾਂ ਨੂੰ ਵਕੀਲ ਦਾ ਇਕ ਨੋਟਿਸ ਆ ਗਿਆ, ਜਦ ਉਨ੍ਹਾਂ ਚੈੱਕਬੁੱਕ ਦੀ ਪਡ਼ਤਾਲ ਕੀਤੀ ਤਾਂ ਉਸ ’ਚੋਂ ਦੋ ਚੈੱਕ ਗਾਇਬ ਸਨ। 
ਉਨ੍ਹਾਂ ਦੱਸਿਆ ਕਿ ਇਨ੍ਹਾਂ ਚੈੱਕਾਂ ’ਤੇ ਉਕਤ ਵਿਅਕਤੀ ਵੱਲੋਂ ਫੌਜਾ ਸਿੰਘ ਦੇ ਜਾਅਲੀ ਦਸਤਖਤ ਕਰ ਕੇ 22 ਲੱਖ 65 ਹਜ਼ਾਰ ਰੁਪਏ ਦੀ ਰਕਮ ਭਰ ਕੇ ਬੈਂਕ ’ਚ ਲਗਾ ਦਿੱਤਾ, ਜਿਸ ਕਾਰਨ ਫੌਜਾ ਸਿੰਘ ਨੂੰ ਕਾਨੂੰਨੀ ਨੋਟਿਸ ਆ ਗਿਆ। 
ਉਨ੍ਹਾਂ ਦੱਸਿਆ ਕਿ ਦੂਸਰੇ ਚੈੱਕ ਦਾ ਵੀ ਲਖਵਿੰਦਰ ਸਿੰਘ ਵੱਲੋਂ ਗਲਤ ਇਸਤੇਮਾਲ ਕੀਤਾ ਗਿਆ, ਜਿਸ ਕਾਰਨ ਲਖਵਿੰਦਰ ਸਿੰਘ ਫੌਜਾ ਸਿੰਘ ਤੋਂ ਪੈਸੇ ਹਥਿਆਉਣ ਲਈ ਉਸ ਨੂੰ ਬਲੈਕਮੇਲ ਕਰਨ ਲੱਗ ਪਿਆ। 
ਇਸ ਸਬੰਧੀ ਉਨ੍ਹਾਂ ਜ਼ਿਲਾ ਪੁਲਸ ਮੁਖੀ ਨੂੰ ਸ਼ਿਕਾਇਤ ਕੀਤੀ ਜੋ ਸਹੀ ਪਾਈ ਗਈ। ਪੁਲਸ ਨੇ ਹਰਦੀਪ ਸਿੰਘ ਦੇ ਬਿਆਨਾਂ ’ਤੇ ਉਕਤ ਪਤੀ-ਪਤਨੀ ਵਿਰੁੱਧ ਧੋਖਾਦੋਹੀ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
 


Related News