10 ਲੱਖ ਦੀ ਠੱਗੀ ਕਰਨ ਦੇ ਦੋਸ਼ ''ਚ 2 ਨਾਮਜ਼ਦ
Thursday, Apr 12, 2018 - 03:15 AM (IST)
ਖੰਨਾ(ਸੁਨੀਲ)-ਪੁਲਸ ਨੇ ਸ਼ਿਕਾਇਤਕਰਤਾ ਲਕਸ਼ਮਣ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਭੂਮਸੀ, ਜ਼ਿਲਾ ਸੰਗਰੂਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀਆਂ ਸੁਖਮਿੰਦਰ ਸਿੰਘ ਦੰਦੀਵਾਲ ਪੁੱਤਰ ਗੁਰਬਚਨ ਸਿੰਘ ਵਾਸੀ ਮੀਰਪੁਰ ਕਲਾਂ, ਜ਼ਿਲਾ ਮਾਨਸਾ ਤੇ ਅਵਤਾਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਜੱਬੋਮਾਜਰਾ (ਮਾਲੇਰਕੋਟਲਾ) ਜ਼ਿਲਾ ਸੰਗਰੂਰ ਦੇ ਖਿਲਾਫ ਕੇਸ ਦਰਜ ਕਰਦੇ ਹੋਏ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਪਰੋਕਤ ਕਥਿਤ ਦੋਸ਼ੀਆਂ ਨੇ ਪੰਜਾਬ ਦੇ ਕਈ ਸ਼ਹਿਰਾਂ ਦੇ ਨਾਲ ਖੰਨਾ 'ਚ ਵੀ 'ਚ ਵੀ ਆਪਣਾ ਦਫਤਰ ਖੋਲ੍ਹਿਆ ਹੋਇਆ ਸੀ, ਜਿਥੇ ਅਕਸਰ ਕੰਪਨੀ ਦਾ ਮਾਲਕ ਕਥਿਤ ਦੋਸ਼ੀ ਸੁਖਮਿੰਦਰ ਸਿੰਘ ਆਪਣੇ ਹਿੱਸੇਦਾਰਾਂ ਦੇ ਨਾਲ ਬੈਠਦਾ ਸੀ। ਇਹ ਲੋਕ ਲੋਕਾਂ ਨੂੰ ਜ਼ਿਆਦਾ ਪੈਸਾ ਦੇਣ ਦਾ ਝਾਂਸਾ ਦਿੰਦੇ ਹੋਏ ਗੁੰਮਰਾਹ ਕਰਦੇ ਸਨ। ਗੁੰਮਰਾਹ ਕਰਨ ਉਪਰੰਤ ਮੋਟੀ ਰਕਮ ਹੱੜਪਦੇ ਸਨ। ਇਸ ਤਰ੍ਹਾਂ ਇਨ੍ਹਾਂ ਲੋਕਾਂ ਨੇ ਲਗਭਗ 10 ਲੱਖ ਰੁਪਏ ਦੀ ਠੱਗੀ ਕੀਤੀ ਅਤੇ ਮੌਕਾ ਮਿਲਦੇ ਹੀ ਦੇਰ ਰਾਤ ਫਰਾਰ ਹੋ ਗਏ। ਇਸ ਸਬੰਧੀ ਸ਼ਿਕਾਇਤਕਰਤਾ ਨੇ ਇਕ ਸ਼ਿਕਾਇਤ ਖੰਨਾ ਦੇ ਐੱਸ. ਐੱਸ. ਪੀ. ਨੂੰ ਦਿੱਤੀ ਸੀ, ਜਿਨ੍ਹਾਂ ਦੇ ਨਿਰਦੇਸ਼ਾਂ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਅਮਿਤ ਸਿੰਘ ਤੋਂ 9300 ਰੁਪਏ, ਸੁਰਿੰਦਰ ਤੋਂ 8800, ਬਲਵੀਰ ਸਿੰਘ 16200, ਲਕਸ਼ਮਣ ਤੋਂ 24 ਹਜ਼ਾਰ ਰੁਪਏ, ਉਸ ਦੀ ਪਤਨੀ ਤੋਂ 5120 ਰੁਪਏ ਦੀ ਐੱਫ.ਡੀ. ਜਮ੍ਹਾ ਕਰਵਾਈ ਸੀ। ਇਸੇ ਤਰ੍ਹਾਂ ਜਸਵੀਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਟੋਂਸਾ ਕੋਲੋਂ ਕਿਸ਼ਤਾਂ ਰਾਹੀਂ 9600 ਅਤੇ ਇਕ ਐੱਫ. ਡੀ. 17,388 ਰੁਪਏ, ਲਖਵੀਰ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਰੂੜਕੀ ਖੁਰਦ ਕੋਲੋਂ 71680 ਰੁਪਏ ਦੇ ਇਲਾਵਾ ਕਈ ਲੋਕਾਂ ਤੋਂ ਮੋਟੀ ਰਕਮ ਠੱਗ ਕੇ ਕੁਲ 10 ਲੱਖ ਦੀ ਠੱਗੀ ਮਾਰੀ। ਇਸ ਸਬੰਧੀ ਸਿਟੀ ਥਾਣਾ ਐੱਸ. ਐੱਚ. ਓ. ਰਜਨੀਸ਼ ਸੂਦ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
