ਮਾਮਲਾ 1.11 ਕਰੋੜ ਰੁਪਏ ਦੀ ਧੋਖਾਧੜੀ ਦਾ, ਫਿਰੋਜ਼ਪੁਰ ਛਾਉਣੀ ਦਾ ਕਾਨੂੰਨਗੋ ਸਸਪੈਂਡ
Monday, Jul 08, 2019 - 05:34 PM (IST)
ਫਿਰੋਜ਼ਪੁਰ (ਪਰਮਜੀਤ) - ਡਿਪਟੀ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਨੇ ਰਿਵੈਨਿਊ ਰਿਕਾਰਡ ਨਾਲ ਛੇੜਛਾੜ ਕਰਨ ਅਤੇ 1, 11,08,236 ਰੁਪਏ ਦੇ ਧੋਖਾਧੜੀ ਮਾਮਲੇ 'ਚ ਫਿਰੋਜ਼ਪੁਰ ਛਾਉਣੀ ਦੇ ਕਾਨੂੰਨਗੋ ਬਲਕਾਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਇਹ ਕਾਰਵਾਈ ਬੀ.ਐੱਸ.ਐੈਫ. ਦੀ 136 ਬਟਾਲੀਅਨ ਲਿਖਤੀ ਸ਼ਿਕਾਇਤ ਤੇ ਜਾਂਚ ਤੋਂ ਬਾਅਦ ਕੀਤੀ ਗਈ। ਸਸਪੈਂਸ਼ਨ ਦੌਰਾਨ ਕਾਨੂੰਨਗੋ ਬਲਕਾਰ ਸਿੰਘ ਦਾ ਹੈੱਡਕੁਆਟਰ ਗੁਰੂਹਰਸਹਾਏ ਤਹਿਸੀਲ ਦਫ਼ਤਰ ਸੁਨਿਸ਼ਚਿਤ ਕੀਤਾ ਗਿਆ ਹੈ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਦੱਸਿਆ ਕਿ ਕਾਨੂੰਨਗੋ ਬਲਕਾਰ ਸਿੰਘ ਦੇ ਖਿਲਾਫ ਬੀ.ਐੱਸ.ਐਫ. ਬਟਾਲੀਅਨ ਵਲੋਂ ਸ਼ਿਕਾਇਤ ਆਈ ਸੀ, ਜਿਸ ਤਹਿਤ ਇਹ ਧੋਖਾ ਉਦੋਂ ਹੋਇਆ ਜਦੋਂ ਕਾਨੂੰਨਗੋ ਬਲਕਾਰ ਸਿੰਘ ਪਟਵਾਰ ਸਰਕਲ ਪੱਲਾ ਮੇਘਾ 'ਚ ਬਤੌਰ ਪਟਵਾਰੀ ਤੈਨਾਤ ਸੀ।
ਰਿਪੋਰਟ ਦੇ ਮੁਤਾਬਿਕ ਇਸ ਇਲਾਕੇ 'ਚ 46 ਕਨਾਲ ਦੇ ਕਰੀਬ ਜਗ੍ਹਾ ਦੇ ਮਲਕੀਅਤ ਰਿਕਾਰਡ 'ਚ ਛੇੜਛਾੜ ਕਰਕੇ ਦੂਸਰੇ ਲੋਕਾਂ ਦੇ ਨਾਂ ਕਰ ਦਿੱਤੀ ਸੀ। ਇਸ ਕਾਰਨ ਉਹ ਲੋਕ ਜ਼ਮੀਨ ਦੇ ਮਾਲਕ ਬਣ ਗਏ, ਜਿਨ੍ਹਾਂ ਦਾ ਜ਼ਮੀਨ 'ਤੇ ਕੋਈ ਮਾਲਕਾਨਾ ਹੱਕ ਨਹੀਂ ਸੀ। ਰਿਪੋਰਟ ਦੀ ਜਾਂਚ ਸਦਰ ਕਾਨੂੰਗੋ ਸ਼ਾਖਾ ਵਲੋਂ ਕੀਤੀ ਗਈ, ਜਿਸ ਮੁਤਾਬਕ ਰੀਵੈਨਿਊ ਰਿਕਾਰਡ 'ਚ ਵੱਡੇ ਪੱਧਰ 'ਤੇ ਛੇੜਛਾੜ ਤੇ ਬਦਲਾਅ ਕੀਤਾ ਗਿਆ ਸੀ। ਜਾਂਚ ਰਿਪੋਰਟ ਦੇ ਮੁਤਾਬਿਕ ਇਸ ਛੇੜਛਾੜ ਨਾਲ ਨਾ ਸਿਰਫ਼ ਬਾਹਰ ਦੇ ਲੋਕ ਜ਼ਮੀਨ ਦੇ ਮਾਲਕ ਬਣ ਗਏ ਬਲਕਿ ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ 1,11,08,236 ਰੁਪਏ ਦਾ ਨੁਕਸਾਨ ਹੋਇਆ। ਇਹ ਪੇਮੈਟ ਰਿਕਾਰਡ ਵਿੱਚ ਛੇੜਛਾੜ ਕਰਕੇ ਬਣਾਏ ਗਏ ਜ਼ਮੀਨ ਦੇ ਮਾਲਕਾਂ ਨੂੰ ਕਰ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਜਾਂਚ ਰਿਪੋਰਟ ਤੇ ਕਾਰਵਾਈ ਕਰਦੇ ਹੋਏ ਬਲਕਾਰ ਸਿੰਘ (ਸਾਬਕਾ ਪਟਵਾਰੀ ਸਰਕਲ ਪੱਲਾ ਮੇਘਾ) ਨੂੰ ਪੰਜਾਬ ਸਿਵਲ ਸੇਵਾਵਾਂ ਦੇ ਰੂਲ 7 (2) ਦੇ ਤਹਿਤ ਸਸਪੈਂਡ ਕਰ ਦਿੱਤਾ ਗਿਆ।