1.5 ਕਰੋੜ ਦੀ ਠੱਗੀ ਕਰਨ ਵਾਲੇ 5 ਦੋਸਤ ਗ੍ਰਿਫਤਾਰ, 56 ਏ.ਟੀ.ਐੱਮ. ਬਰਾਮਦ
Wednesday, Oct 23, 2019 - 02:06 PM (IST)

ਲੁਧਿਆਣਾ (ਰਿਸ਼ੀ) - ਏ.ਟੀ.ਐੱਮ. ਬੂਥ 'ਤੇ ਪੈਸੇ ਕਢਵਾਉਣ ਆਉਣ ਵਾਲੇ ਭੋਲੇ-ਭਾਲੇ ਲੋਕਾਂ ਨਾਲ ਠੱਗੀ ਕਰਨ ਵਾਲੇ 5 ਦੋਸਤਾਂ ਨੂੰ ਸੀ.ਆਈ.ਏ. ਦੀ ਪੁਲਸ ਵਲੋਂ ਦਬੋਚ ਕੇ ਥਾਣਾ ਮੋਤੀ ਨਗਰ ਵਿਚ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੂੰ ਉਨ੍ਹਾਂ ਕੋਲੋਂ 56 ਏ.ਟੀ.ਐੱਮ. ਕਾਰਡ ਬਰਾਮਦ ਹੋਏ ਹਨ। ਪੁਲਸ ਦਾ ਦਾਅਵਾ ਹੈ ਕਿ 2 ਸਾਲ ਤੋਂ ਐਕਟਿਵ ਇਸ ਗੈਂਗ ਵੱਲੋਂ 70 ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਹੁਣ ਤੱਕ ਇਸ ਗੈਂਗ ਨੇ ਕਰੀਬ 1 ਕਰੋੜ 50 ਲੱਖ ਰੁਪਏ ਦੀ ਠੱਗੀ ਕੀਤੀ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਪੱਤਰਕਾਰ ਸਮਾਗਮ ਦੌਰਾਨ ਦਿੱਤੀ।
ਉਨ੍ਹਾਂ ਦੱਸਿਆ ਕਿ ਗੈਂਗ ਦੇ ਸਾਰੇ ਮੈਂਬਰਾਂ ਦੀ ਉਮਰ 25 ਸਾਲ ਤੋਂ 30 ਸਾਲਾਂ ਦਰਮਿਆਨ ਹੈ। ਇਨ੍ਹਾਂ ਗੈਂਗ ਵੱਲੋਂ ਕੀਤੀਆਂ ਵਾਰਦਾਤਾਂ ਵਿਚ ਕਮਿਸ਼ਨਰੇਟ ਪੁਲਸ ਵੱਲੋਂ 46 ਐੱਫ.ਆਈ.ਆਰ. ਪਹਿਲਾ ਦਰਜ ਕੀਤੀਆਂ ਜਾ ਚੁੱਕੀਆਂ ਹਨ। ਸਾਰੇ ਇਕੱਠੇ ਪਹਿਲਾਂ ਫੈਕਟਰੀ ਵਿਚ ਨੌਕਰੀ ਕਰਦੇ ਸਨ ਪਰ ਜਲਦ ਅਮੀਰ ਬਣਨ ਲਈ ਇਸ ਰਸਤੇ 'ਤੇ ਚੱਲ ਪਏ। ਪੁਲਸ ਮੁਤਾਬਕ ਰਿਮਾਂਡ ਦੌਰਾਨ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਕ ਦੋਸ਼ੀ 'ਤੇ ਪਹਿਲਾਂ ਵੀ ਧੋਖਾਦੇਹੀ ਦਾ ਪਰਚਾ ਦਰਜ ਹੈ।ਫੜੇ ਗਏ ਦੋਸ਼ੀਆਂ ਦੀ ਪਛਾਣ ਰੋਹਿਤ ਮਾਮਾ, ਰਾਜੇਸ਼ ਕੁਮਾਰ, ਵਿਸਾਖਾ ਸਿੰਘ, ਸ਼ੰਕਰ ਕੁਮਾਰ, ਸ਼ੁੱਭਮ ਰੰਧਾਵਾ ਵਜੋਂ ਹੋਈ ਹੈ।
ਇਨ੍ਹਾਂ ਇਲਾਕਿਆਂ 'ਚ ਕੀਤੀਆਂ ਵਾਰਦਾਤਾਂ
ਪੁਲਸ ਮੁਤਾਬਕ ਇਸ ਗੈਂਗ ਵਲੋਂ ਚੀਮਾ ਚੌਕ, ਸ਼ੇਰਪੁਰ ਚੌਕ, ਗਿਆਸਪੁਰਾ ਚੌਕ, ਜੋਧੇਵਾਲ, ਈਸਟਮੈਨ ਚੌਕ, ਦਿੱਲੀ ਰੋਡ, ਵੀਰ ਪੈਲਸ, ਪਿੱਪਲ ਚੌਕ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਵਾਰਦਾਤਾਂ ਕੀਤੀਆਂ ਜਾਂਦੀਆਂ ਸਨ। ਇਨ੍ਹਾਂ ਇਲਾਕਿਆਂ ਵਿਚ ਸਵੇਰ ਤੋਂ ਸ਼ਾਮ ਤੱਕ ਏ.ਟੀ.ਐੱਮ. ਕੋਲ ਖੜ੍ਹੇ ਹੋ ਕੇ ਸ਼ਿਕਾਰ ਲੱਭਦੇ ਸਨ। ਹੁਣ ਇਨ੍ਹਾਂ ਵਲੋਂ ਕਿਸੇ ਏ.ਟੀ.ਐੱਮ. ਮਸ਼ੀਨ ਨੂੰ ਲੁੱਟਣ ਦੀ ਪਲਾਨਿੰਗ ਬਣਾਈ ਜਾ ਰਹੀ ਸੀ ਤਾਂ ਕਿ ਇਕ ਝਟਕੇ 'ਚ ਅਮੀਰ ਹੋ ਜਾਣ।
ਹਰ ਬੈਂਕ ਦਾ ਰੱਖਦੇ ਕਾਰਡ
ਸੀ.ਪੀ. ਅੱਗਰਵਾਲ ਮੁਤਾਬਕ ਸਾਰੇ ਇੰਨੇ ਸ਼ਾਤਰ ਸਨ ਕਿ ਇਨ੍ਹਾਂ ਕੋਲ ਹਰ ਬੈਂਕ ਦਾ ਏ.ਟੀ.ਐੱਮ. ਕਾਰਡ ਹੁੰਦਾ ਸੀ। ਇੰਨਾ ਹੀ ਨਹੀਂ, ਜਿਨ੍ਹੇ ਰੰਗਾਂ ਦੇ ਏ.ਟੀ.ਐੱਮ. ਕਾਰਡ ਬੈਂਕਾਂ ਵੱਲੋਂ ਜਾਰੀ ਕੀਤੇ ਜਾ ਚੁੱਕੇ ਹਨ, ਸਾਰੇ ਰੰਗਾਂ ਦੇ ਇਨ੍ਹਾਂ ਕੋਲ ਮੌਜੂਦ ਸਨ। ਇਨ੍ਹਾਂ ਤੋਂ ਪਤਾ ਲੱਗ ਜਾਂਦਾ ਸੀ ਕਿ ਬੂਥ 'ਤੇ ਆਏ ਵਿਅਕਤੀ ਨੂੰ ਜ਼ਿਆਦਾ ਸਮਝ ਨਹੀਂ ਹੈ, ਜਿਸ ਨੂੰ ਗੱਲਾਂ ਵਿਚ ਲਾ ਕੇ ਪਹਿਲਾਂ ਪਿੰਨ ਦੇਖ ਲੈਂਦੇ ਅਤੇ ਫਿਰ ਕਾਰਡ ਚੇਂਜ ਕਰ ਲੈਂਦੇ।