ਪੰਜਾਬ ਦੇ 50 ਹੈੱਡਮਾਸਟਰਾਂ ਦਾ ਚੌਥਾ ਬੈਚ IIM ਅਹਿਮਦਾਬਾਦ ਵਿਖੇ ਸਿਖਲਾਈ ਲਈ ਰਵਾਨਾ

Sunday, Nov 02, 2025 - 04:42 PM (IST)

ਪੰਜਾਬ ਦੇ 50 ਹੈੱਡਮਾਸਟਰਾਂ ਦਾ ਚੌਥਾ ਬੈਚ IIM ਅਹਿਮਦਾਬਾਦ ਵਿਖੇ ਸਿਖਲਾਈ ਲਈ ਰਵਾਨਾ

ਚੰਡੀਗੜ੍ਹ : ਅਧਿਆਪਕਾਂ ਦੇ ਵਿੱਦਿਅਕ ਹੁਨਰ ਨੂੰ ਹੋਰ ਨਿਖ਼ਾਰਨ ਦੀ ਵਚਨਬੱਧਤਾ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 50 ਹੈੱਡਮਾਸਟਰਾਂ ਦੇ ਚੌਥੇ ਬੈਚ ਨੂੰ ਵਿਸ਼ੇਸ਼ ਲੀਡਰਸ਼ਿਪ ਸਿਖਲਾਈ ਪ੍ਰੋਗਰਾਮ ਲਈ ਵੱਕਾਰੀ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ. ਆਈ. ਐੱਮ.), ਅਹਿਮਦਾਬਾਦ ਭੇਜਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਚੌਥਾ ਬੈਚ 3 ਤੋਂ 7 ਨਵੰਬਰ 2025 ਤੱਕ ਲੀਡਰਸ਼ਿਪ ਅਤੇ ਮੈਂਟਰਸ਼ਿਪ ਸਕਿੱਲਜ਼ ਬਾਰੇ ਇੱਕ ਹਫ਼ਤੇ ਦੇ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਲ ਹੋਵੇਗਾ, ਜੋ ਉਨ੍ਹਾਂ ਨੂੰ ਆਪਣੇ ਸਕੂਲਾਂ ਵਿੱਚ ਸਕਾਰਾਤਮਕ ਬਦਲਾਅ ਦੇ ਮਾਰਗਦਰਸ਼ਕ ਬਣਨ ਲਈ ਤਿਆਰ ਕਰੇਗਾ।

 ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਇਸ ਅਭਿਆਸ ਨੂੰ ਜਾਰੀ ਰੱਖਦਿਆਂ 15 ਤੋਂ 19 ਦਸੰਬਰ, 2025 ਤੱਕ ਆਈ. ਆਈ. ਐੱਮ. ਅਹਿਮਦਾਬਾਦ ਵਿਖੇ ਸਿਖਲਾਈ ਲਈ ਹੈੱਡਮਾਸਟਰਾਂ ਦਾ 5ਵਾਂ ਬੈਚ ਭੇਜਿਆ ਜਾਵੇਗਾ। ਇਹ ਪਹਿਲ ਕਦਮੀ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜ਼ਮੀਨੀ ਪੱਧਰ 'ਤੇ ਅਧਿਆਪਨ ਦੇ ਬਿਹਤਰੀਨ ਅਭਿਆਸਾਂ ਨੂੰ ਲਾਗੂ ਕਰਨ ਲਈ  ਅਧਿਆਪਕਾਂ ਨੂੰ ਆਲਮੀ ਪ੍ਰਬੰਧਨ ਅਤੇ ਮਾਰਗ ਦਰਸ਼ਨ ਦੇ ਹੁਨਰਾਂ ਨਾਲ ਲੈਸ ਕਰਨਾ ਹੈ। ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਅਤੇ ਸਿੱਖਿਆ ਅਫ਼ਸਰਾਂ ਨੂੰ ਸਿੰਗਾਪੁਰ, 152 ਹੈੱਡਮਾਸਟਰਾਂ ਨੂੰ ਆਈ. ਆਈ. ਐੱਮ. ਅਹਿਮਦਾਬਾਦ ਅਤੇ 144 ਪ੍ਰਾਇਮਰੀ ਸਕੂਲ ਅਧਿਆਪਕਾਂ ਨੂੰ ਫਿਨਲੈਂਡ ਦੀ ਯੂਨੀਵਰਸਿਟੀ ਆਫ ਤੁਰਕੂ ਵਿਖੇ ਵਿਸ਼ੇਸ਼ ਸਿਖਲਾਈ ਲਈ ਭੇਜਿਆ ਜਾ ਚੁੱਕਾ ਹੈ, ਜਿਸਦਾ ਮਕਸਦ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਆਲਮੀ ਤੇ ਕੌਮੀ ਮੁਹਾਰਤ ਅਤੇ ਬਿਹਤਰੀਨ ਅਭਿਆਸਾਂ ਨੂੰ ਲਾਗੂ ਕਰਨਾ ਹੈ।

 ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਆਈ. ਆਈ. ਐੱਮ. ਅਹਿਮਦਾਬਾਦ ਵਰਗੀਆਂ ਵੱਕਾਰੀ ਸੰਸਥਾਵਾਂ ਵਿੱਚ ਭੇਜਣਾ, ਸਿੱਖਿਆ ਵਿੱਚ ਰਣਨੀਤਕ ਨਿਵੇਸ਼ ਦਾ ਹਿੱਸਾ ਹੈ। ਇਨ੍ਹਾਂ ਅਧਿਆਪਕਾਂ ਨੂੰ ਸਿਰਫ ਸਕੂਲਾਂ ਦੇ ਸੁਚਾਰੂ ਪ੍ਰਬੰਧ ਲਈ ਹੀ ਨਹੀਂ, ਸਗੋਂ ਆਪਣੇ ਸਾਥੀ ਅਧਿਆਪਕਾਂ ਨੂੰ ਪ੍ਰੇਰਿਤ ਕਰਨ, ਕਲਾਸਰੂਮਾਂ ਵਿੱਚ ਨਵੀਨਤਮ ਵਿੱਦਿਅਕ ਅਭਿਆਸ ਸ਼ਾਮਲ ਕਰਨ ਅਤੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਸਰਕਾਰ ਵੱਲੋਂ ਪੰਜਾਬ ਨੂੰ ਗਿਆਨ ਦੇ ਸਾਗਰ ਵਿੱਚ ਬਦਲਣ ਦੀ ਦ੍ਰਿੜ੍ਹ ਵਚਨਬੱਧਤਾ ਦੀ ਨੀਂਹ ਹੈ।

 ਇਸੇ ਦਿਸ਼ਾ ਵਿੱਚ ਪੰਜਾਬ ਸਰਕਾਰ ਦੀ ਦੂਰਅੰਦੇਸ਼ ਸੋਚ ‘ਤੇ ਚਾਨਣਾ ਪਾਉਂਦਿਆਂ ਸਕੂਲ ਸਿੱਖਿਆ ਵਿਭਾਗ ਦੇ ਪ੍ਰਬੰਧਕੀ ਸਕੱਤਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਇਹ ਸਿਖਲਾਈ ਪ੍ਰੋਗਰਾਮ ਦੂਰਅੰਦੇਸ਼ ਵਿੱਦਿਅਕ ਆਗੂਆਂ ਦਾ ਮਜ਼ਬੂਤ ਕੇਡਰ ਖੜ੍ਹਾ ਕਰ ਰਿਹਾ ਹੈ। ਅਧਿਆਪਨ ਦੇ ਹੁਨਰਾਂ ਨੂੰ ਨਿਖ਼ਾਰਨ ਦੀ ਇਹ ਵਿਸ਼ੇਸ਼ ਪਹਿਲ ਪੰਜਾਬ ਦੇ ਅਧਿਆਪਕਾਂ ਨੂੰ 21ਵੀਂ ਸਦੀ ਦੀਆਂ ਵਿੱਦਿਅਕ ਚੁਣੌਤੀਆਂ ਲਈ ਤਿਆਰ ਕਰੇਗੀ ਅਤੇ ਸੂਬੇ ਦੇ ਹਰੇਕ ਵਿਦਿਆਰਥੀ ਲਈ ਇੱਕ ਰੌਸ਼ਨ ਭਵਿੱਖ ਦਾ ਰਾਹ ਪੱਧਰਾ ਹੋਵੇਗਾ।
 


author

Babita

Content Editor

Related News