ਨਕੋਦਰ ''ਚ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 4 ਮੈਂਬਰ ਕਾਬੂ
Saturday, Feb 24, 2018 - 06:32 AM (IST)

ਨਕੋਦਰ/ਮੱਲ੍ਹੀਆਂ ਕਲਾਂ, (ਰਜਨੀਸ਼, ਪਾਲੀ, ਟੁੱਟ)- ਸਦਰ ਪੁਲਸ ਨੇ ਨਾਕਾਬੰਦੀ ਦੌਰਾਨ ਨਕੋਦਰ ਏਰੀਆ 'ਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਜਦਕਿ ਗਿਰੋਹ ਦਾ ਇਕ ਮੈਂਬਰ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋਣ 'ਚ ਕਾਮਯਾਬ ਹੋ ਗਿਆ।
ਡੀ.ਐੱਸ.ਪੀ. ਡਾ. ਮੁਕੇਸ਼ ਕੁਮਾਰ ਨੇ ਪੱਤਰਕਾਰ ਨੂੰ ਮੁਖਾਤਿਬ ਹੁੰਦਿਆਂ ਦੱਸਿਆ ਕਿ ਸਦਰ ਥਾਣਾ ਮੁਖੀ ਨਰੇਸ਼ ਕੁਮਾਰ ਜੋਸ਼ੀ ਦੀ ਅਗਵਾਈ ਹੇਠ ਐੱਸ. ਆਈ. ਗਗਨਦੀਪ ਸਿੰਘ ਸੇਖੋਂ ਨੇ ਪੁਲਸ ਪਾਰਟੀ ਨਾਲ ਕਪੂਰਥਲਾ ਰੋਡ ਅੱਡਾ ਸ਼ਾਹਪੁਰ 'ਤੇ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੌਰਾਨ ਪੁਲਸ ਪਾਰਟੀ ਨੇ ਮੋਟਰਸਾਈਕਲਾਂ 'ਤੇ 5 ਨੌਜਵਾਨਾਂ ਨੂੰ ਕਾਹਲਵਾਂ ਵਾਲੀ ਸਾਈਡ ਤੋਂ ਆਉਂਦੇ ਹੋਏ ਦੇਖਿਆ, ਜਿਨ੍ਹਾਂ ਨੂੰ ਰੁਕਣ ਲਈ ਇਸ਼ਾਰਾ ਕੀਤਾ। ਪੁਲਸ ਨੂੰ ਦੇਖਦੇ ਹੀ ਨੌਜਵਾਨਾਂ ਨੇ ਮੋਟਰਸਾਈਕਲ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਪੁਲਸ ਪਾਰਟੀ ਨੇ ਪਿੱਛਾ ਕਰਕੇ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਕ੍ਰਿਸ਼ਨ ਪੁੱਤਰ ਦਿਆਲ ਵਾਸੀ ਨਿੰਦੋਕੀ ਕਪੂਰਥਲਾ, ਹੀਰਾ ਪੁੱਤਰ ਕੁਲਵੰਤ ਵਾਸੀ ਕਾਹਲਵਾਂ, ਰਾਜਾ ਪੁੱਤਰ ਬੀਰਾ ਵਾਸੀ ਪਿੰਡ ਕਾਹਲਵਾਂ ਕਪੂਰਥਲਾ ਅਤੇ ਕਮਲਦੀਪ ਸਿੰਘ ਉਰਫ ਭਟੂਰੀ ਪੁੱਤਰ ਧਰਮਜੀਤ ਸਿੰਘ ਵਾਸੀ ਪਿੰਡ ਸਿੱਧਵਾਂ ਦੋਨਾ ਕਪੂਰਥਲਾ ਵਜੋਂ ਹੋਈ ਹੈ ਜਦਕਿ ਇਨ੍ਹਾਂ ਦਾ ਸਾਥੀ ਵਰਿੰਦਰ ਉਰਫ ਕਾਕਾ ਪੁੱਤਰ ਰਾਮ ਲਾਲ ਵਾਸੀ ਪਿੰਡ ਨਿੰਦੋਕੀ ਕਪੂਰਥਲਾ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਸ ਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਜਾਅਲੀ ਨੰਬਰ ਪਲੇਟਾਂ ਲਾ ਕੇ ਦਿੰਦੇ ਸਨ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ-
ਡੀ.ਐੱਸ.ਪੀ. ਡਾ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਮੋਟਰਸਾਈਕਲਾਂ 'ਤੇ ਜਾਅਲੀ ਨੰਬਰ ਪਲੇਟਾਂ ਲਾ ਕੇ ਨਕੋਦਰ ਏਰੀਆ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਕਾਬੂ ਲੁਟੇਰਿਆਂ ਦੀ ਹਰ ਇਕ ਦੀ ਜੇਬ ਵਿਚੋਂ 2-2 ਮੋਬਾਇਲ ਫੋਨ ਬਰਾਮਦ ਹੋਏ, ਜੋ ਕਿ ਇਨ੍ਹਾਂ ਨੇ ਵੱਖ-ਵੱਖ ਸਥਾਨਾਂ ਤੋਂ ਲੁੱਟੇ ਸਨ। ਮੁਲਜ਼ਮ ਕ੍ਰਿਸ਼ਨ ਦੀ ਜੇਬ ਵਿਚੋਂ 135 ਗ੍ਰਾਮ ਤੇ ਕਮਲਦੀਪ ਦੀ ਜੇਬ ਵਿਚੋਂ 125 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ।
ਮੁਲਜ਼ਮਾਂ ਖਿਲਾਫ ਦਰਜ ਹਨ ਵੱਖ-ਵੱਖ ਥਾਣਿਆਂ 'ਚ ਮੁਕੱਦਮੇ
ਫੜੇ ਗਏ ਲੁਟੇਰੇ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ, ਜਿਨ੍ਹਾਂ ਖਿਲਾਫ ਵੱਖ-ਵੱਖ ਥਾਣਿਆਂ 'ਚ ਮੁਕੱਦਮੇ ਦਰਜ ਹਨ। ਮੁਲਜ਼ਮ ਕਮਲਜੀਤ ਅਤੇ ਕ੍ਰਿਸ਼ਨ ਕਬੀਰ 2 ਮਹੀਨੇ ਪਹਿਲਾਂ ਹੀ ਜ਼ਮਾਨਤ 'ਤੇ ਆਏ ਸਨ। ਮੁਲਜ਼ਮ ਕ੍ਰਿਸ਼ਨ ਥਾਣਾ ਸਦਰ ਕਪੂਰਥਲਾ ਦੇ ਮੁਕੱਦਮੇ 'ਚ ਭਗੌੜਾ ਹੈ।