ਨਗਰ ਕੌਂਸਲ ਜੈਤੋ ਦੇ ਹਾਊਸ ਟੈਕਸ ਰਿਕਾਰਡ ’ਚ ਹੇਰਾਫੇਰੀ ਕਰਨ ਦੇ ਦੋਸ਼ ’ਚ ਚਾਰ ਕਲਰਕ ਕਾਬੂ
Tuesday, Oct 19, 2021 - 07:36 PM (IST)
ਫ਼ਰੀਦਕੋਟ (ਰਾਜਨ)-ਨਗਰ ਕੌਂਸਲ ਜੈਤੋ ਦੇ ਰਿਕਾਰਡ ’ਚ ਹੇਰਾਫੇਰੀ ਕਰਨ ਵਾਲੇ ਚਾਰ ਦੋਸ਼ੀਆਂ ਕਲਰਕ ਦਵਿੰਦਰ ਸਿੰਘ, ਰਾਮ ਚੰਦ, ਰਮੇਸ਼ ਕੁਮਾਰ ਅਤੇ ਸੁਰਿੰਦਰਪਾਲ ਸਿੰਘ ਨੂੰ ਸਥਾਨਕ ਵਿਜੀਲੈਂਸ ਬਿਊਰੋ ਵੱਲੋਂ ਗਿ੍ਫ਼ਤਾਰ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਫ਼ਰੀਦਕੋਟ ਦੇ ਉੱਪ ਕਪਤਾਨ ਪੁਲਸ ਰਾਜ ਕੁਮਾਰ ਨੇ ਦੱਸਿਆ ਕਿ ਸਾਲ 2013-14 ’ਚ ਉਕਤ ਕਰਮਚਾਰੀਆਂ ਨੇ ਹਾਊਸ ਟੈਕਸ ਰਿਕਾਰਡ ਰਜਿਸਟਰ ਦੇ ਪੰਨੇ ਪਾੜ ਕੇ ਭ੍ਰਿਸ਼ਟਾਚਾਰ ਕਰਨ ਦੀ ਨੀਅਤ ਨਾਲ ਹੇਰਾਫੇਰੀ ਕਰ ਕੇ ਬੇਨਿਯਮੀਆਂ ਕੀਤੀਆਂ ਸਨ।
ਇਨ੍ਹਾਂ ਖਿਲਾਫ਼ ਵਿਜੀਲੈਂਸ ਵਿਭਾਗ ਵੱਲੋਂ ਜਾਂਚ ਜਾਰੀ ਸੀ, ਜਿਸ ਦੀ ਪੜਤਾਲ ਮੁਕੰਮਲ ਹੋਣ ’ਤੇ ਸਿਧਾਰਥ ਚਟੋਉਪਾਧਿਆ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਅਤੇ ਗੌਤਮ ਸਿੰਗਲ ਸੀਨੀਅਰ ਪੁਲਸ ਕਪਤਾਨ ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ ’ਤੇ ਇਨ੍ਹਾਂ ਚਾਰਾਂ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਵਿਖੇ ਮੁਕੱਦਮਾ 12 ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚਾਰਾਂ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕਰਨ ’ਤੇ ਹੀ ਕੀਤੀ ਗਈ ਹੇਰਾਫੇਰੀ ਦਾ ਵੇਰਵਾ ਮਿਲ ਸਕੇਗਾ।