ਗ੍ਰਿਫ਼ਤਾਰੀ ਮਗਰੋਂ ਕੁਲਬੀਰ ਸਿੰਘ ਜ਼ੀਰਾ ਦਾ ਪਹਿਲਾ ਬਿਆਨ ਆਇਆ ਸਾਹਮਣੇ
Tuesday, Oct 17, 2023 - 06:20 PM (IST)
ਫਿਰੋਜ਼ਪੁਰ(ਕੁਮਾਰ )- ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ੀਰਾ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਬੀਰ ਸਿੰਘ ਨੂੰ ਅੱਜ ਤੜਕੇ ਪੁਲਸ ਨੇ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕਰਨ ਮਗਰੋਂ ਡਿਊਟੀ ਮੈਜਿਸਟਰੇਟ ਜ਼ੀਰਾ ਦੇ ਪੇਸ਼ ਕਰਨ ਉਪਰੰਤ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਲਿਆਂਦਾ ਗਿਆ। ਪੁਲਸ ਦੀ ਸਾਰੀ ਕਾਰਵਾਈ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ।
ਇਹ ਵੀ ਪੜ੍ਹੋ- ਤਰਨਤਾਰਨ ਸ਼ਹਿਰ 'ਚ ਦੇਹ ਵਪਾਰ ਲਈ ਸੁਰੱਖਿਅਤ ਸਥਾਨ ਬਣੇ ਹੋਟਲ, ਰੋਜ਼ਾਨਾ ਲੱਖਾਂ ਰੁਪਏ ਦਾ ਖੇਡਿਆ ਜਾਂਦਾ ਜੂਆ
ਦੱਸਣਯੋਗ ਹੈ ਕਿ ਥਾਣਾ ਸਿਟੀ ਜ਼ੀਰਾ ਦੀ ਪੁਲਸ ਨੇ ਬੀਡੀਪੀਓ ਜ਼ੀਰਾ ਵੱਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਉਨ੍ਹਾਂ ਦੇ ਅਣਪਛਾਤੇ ਸਮਰਥਕਾਂ ਦੇ ਖ਼ਿਲਾਫ਼ ਮੁਕਦਮਾ ਨੰਬਰ 120/23 ਦਰਜ ਕੀਤਾ ਸੀ। ਕੁਲਬੀਰ ਸਿੰਘ ਜ਼ੀਰਾ ਨੇ ਇਹ ਐਲਾਨ ਕੀਤਾ ਸੀ ਕਿ ਸੰਗਰਾਂਦ ਵਾਲੇ ਦਿਨ 17 ਅਕਤੂਬਰ ਨੂੰ ਉਹ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਦਰ 'ਤੇ ਨਤਮਸਤਕ ਹੋਣ ਤੋਂ ਬਾਅਦ ਫਿਰੋਜ਼ਪੁਰ ਜ਼ਿਲ੍ਹਾ ਹੈਡ ਕੁਆਰਟਰ 'ਤੇ ਪ੍ਰੈਸ ਕਾਨਫ਼ਰੰਸ ਕਰਨ ਉਪਰੰਤ ਐੱਸਐੱਸਪੀ ਦਫ਼ਤਰ ਫਿਰੋਜ਼ਪੁਰ ਵਿਖੇ ਜਾ ਕੇ ਆਪਣੀ ਗ੍ਰਿਫ਼ਤਾਰੀ ਦੇਣਗੇ।
ਅੱਜ ਜਦੋਂ ਕੁਲਬੀਰ ਸਿੰਘ ਜ਼ੀਰਾ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਲਿਆਂਦਾ ਗਿਆ। ਉਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਦੀ ਆਵਾਜ਼ ਚੁੱਕਣ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ੀਰਾ ਨੇ ਕਿਹਾ ਕਿ ਪਿਛਲੇ ਦਿਨੀਂ ਸਰਪੰਚਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਲਈ ਸਮਰਥਕਾਂ ਨੂੰ ਨਾਲ ਲੈ ਕੇ ਉਨ੍ਹਾਂ ਨੇ ਬੀਡੀਪੀਓ ਦਫ਼ਤਰ ਜ਼ੀਰਾ ਵਿਖੇ ਸ਼ਾਂਤੀਪੂਰਵਕ ਧਰਨਾ ਲਗਾਇਆ ਸੀ, ਜਿਸ ਵਿੱਚ ਜ਼ੀਰਾ ਵਿਧਾਨ ਸਭਾ ਹਲਕਾ ਦੇ ਮੌਜੂਦਾ ਵਿਧਾਇਕ ਖ਼ਿਲਾਫ਼ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਸਨ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਉਂਦਿਆਂ ਜੇਕਰ ਉਨ੍ਹਾਂ ਨੂੰ 10 ਵਾਰ ਵੀ ਜੇਲ੍ਹ ਜਾਣਾ ਪਵੇਗਾ ਤਾਂ ਉਹ ਜਾਣ ਨੂੰ ਤਿਆਰ ਰਹਿਣਗੇ। ਕੁਲਬੀਰ ਜ਼ੀਰਾ ਦੇ ਸਮਰਥਕਾਂ ਵਿੱਚ ਭਾਰੀ ਰੋਸ ਦੇਖਿਆ ਗਿਆ, ਜਿਨ੍ਹਾਂ ਨੇ ਕਿਹਾ ਕਿ ਉਹ ਫਿਰੋਜ਼ਪੁਰ ਜੇਲ੍ਹ ਦੇ ਬਾਹਰ ਹੀ ਆਪਣਾ ਧਰਨਾ ਜਾਰੀ ਰੱਖਣਗੇ ।
ਇਹ ਵੀ ਪੜ੍ਹੋ- ਭਿਆਨਕ ਹਾਦਸੇ 'ਚ ਮਾਂ ਦੀ ਮੌਤ, ਸੜਕ ਕਿਨਾਰੇ ਵਿਲਕਦੇ ਰਹੇ ਬੱਚੇ
ਦੂਜੇ ਪਾਸੇ ਜ਼ਿਲ੍ਹਾ ਫਿਰੋਜ਼ਪੁਰ ਪੁਲਸ ਪ੍ਰਸ਼ਾਸਨ ਵੱਲੋਂ ਥੋੜੀ ਦੇਰ ਬਾਅਦ ਹੀ ਕੁਲਬੀਰ ਸਿੰਘ ਜ਼ੀਰਾ ਨੂੰ ਰੋਪੜ ਦੀ ਜੇਲ੍ਹ 'ਚ ਭੇਜ ਦਿੱਤਾ ਗਿਆ। ਜਦੋਂ ਉਨ੍ਹਾਂ ਦੇ ਸਮਰਥਕਾਂ ਨੂੰ ਇਹ ਪਤਾ ਲੱਗਾ ਕਿ ਕੁਲਬੀਰ ਸਿੰਘ ਜ਼ੀਰਾ ਨੂੰ ਰੋਪੜ ਜੇਲ੍ਹ ਵਿੱਚ ਲਿਜਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਨੇ ਰਸਤੇ ਵਿੱਚ ਜਿਸ ਗੱਡੀ 'ਤੇ ਕੁਲਬੀਰ ਜ਼ੀਰਾ ਨੂੰ ਲਿਜਾਇਆ ਜਾ ਰਿਹਾ ਸੀ ਅਤੇ ਪੁਲਸ ਦੀਆਂ ਗੱਡੀਆਂ ਰੋਕ ਲਈਆਂ ਅਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ । ਪੁਲਸ ਦੀਆਂ ਗੱਡੀਆਂ ਦੇ ਪਿੱਛੇ ਹੀ ਉਨ੍ਹਾਂ ਦੇ ਸਮਰਥਕਾਂ ਦੀਆਂ ਗੱਡੀਆਂ ਦਾ ਕਾਫ਼ਲਾ ਵੀ ਚੱਲ ਪਿਆ। ਇਸ ਮੌਕੇ 'ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਸ਼ੂ ਬਾਂਗੜ ਆਦਿ ਵੀ ਮੌਕਾ 'ਤੇ ਪਹੁੰਚ ਗਏ ਅਤੇ ਹੋਰ ਵੀ ਕਾਂਗਰਸੀ ਨੇਤਾਵਾਂ ਦੇ ਪਹੁੰਚਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ ਜੋ ਰਸਤੇ ਵਿੱਚੋਂ ਹੀ ਰੋਪੜ ਵੱਲ ਨੂੰ ਰਵਾਨਾ ਹੋ ਗਏ ਹਨ।
ਦੱਸ ਦੇਈਏ ਕੁਲਬੀਰ ਸਿੰਘ ਜ਼ੀਰਾ ਦਾ ਮੈਡੀਕਲ ਕਰਵਾ ਕੇ 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਵੱਡੀ ਗਿਣਤੀ 'ਚ ਸਮਰਥਕ ਵੀ ਨਜ਼ਰ ਆਏ। ਦੱਸ ਦੇਈਏ ਜ਼ੀਰਾ ਨੇ ਅੱਜ ਸਵੇਰੇ 11 ਵਜੇ ਪ੍ਰੈੱਸ ਕਾਨਫਰੰਸ ਕਰਨੀ ਸੀ ਪਰ ਪੁਲਸ ਨੇ ਉਨ੍ਹਾਂ ਨੂੰ ਸਵੇਰੇ 4.30 ਵਜੇ ਹੀ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਕੁਲਬੀਰ ਸਿੰਘ ਜ਼ੀਰਾ ਦਾ ਕਹਿਣਾ ਹੈ ਜਦੋਂ ਉਹ ਜੇਲ੍ਹ 'ਚੋਂ ਬਾਹਰ ਆਉਣਗੇ ਤਾਂ ਕਾਫ਼ੀ ਵੱਡੇ ਖੁਲਾਸੇ ਕਰਨਗੇ।
ਇਹ ਵੀ ਪੜ੍ਹੋ- ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਮਿਲੇ CM ਮਾਨ, ਸੌਂਪਿਆ 1 ਕਰੋੜ ਦਾ ਚੈੱਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8