ਵਾਲੀਵਾਲ ਕੌਮੀ ਟੀਮ ਦੀ ਸਾਬਕਾ ਕਪਤਾਨ ਮਨਪ੍ਰੀਤ ਕੌਰ ਨੇ ਕੀਤੀ ਖੁਦਕੁਸ਼ੀ
Saturday, Nov 28, 2020 - 12:03 AM (IST)
ਪਟਿਆਲਾ (ਬਲਜਿੰਦਰ)- ਵਾਲੀਬਾਲ ਦੀ ਕੌਮੀ ਟੀਮ 'ਚ ਕਪਤਾਨ ਰਹਿ ਚੁੱਕੀ 24 ਸਾਲਾ ਮਨਪ੍ਰੀਤ ਕੌਰ ਵਲੋਂ ਖੁਦਕੁਸ਼ੀ ਕਰ ਲੈਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮਨਪ੍ਰੀਤ ਕੌਰ ਨੂੰ ਉਸ ਦੇ ਸਹੁਰੇ ਪਰਿਵਾਰ ਵਲੋਂ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ, ਜਿਸ ਦੌਰਾਨ ਉਸ ਵਲੋਂ ਖੁਦਕੁਸ਼ੀ ਕਰ ਲਈ ਗਈ। ਪੁਲਸ ਵਲੋਂ ਮਨਪ੍ਰੀਤ ਦੇ ਪਤੀ ਪ੍ਰਭਜੋਤ ਸਿੰਘ, ਸੱਸ ਜਸਵਿੰਦਰ ਕੌਰ ਤੇ ਸਹੁਰੇ ਹਰਜਿੰਦਰ ਸਿੰਘ ਵਾਸੀ ਪਿੰਡ ਸਵਾਜਪੁਰ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਨਪ੍ਰੀਤ ਕੌਰ ਦੇ ਪਿਤਾ ਗੁਰਜੀਤ ਸਿੰਘ ਵਾਸੀ ਪਿੰਡ ਬਿਸ਼ਨਪੁਰਾ ਥਾਣਾ ਖਨੌਰੀ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਮਨਪ੍ਰੀਤ ਕੌਰ ਦਾ ਵਿਆਹ ਪ੍ਰਭਜੋਤ ਸਿੰਘ ਨਾਲ ਜਨਵਰੀ 2019 'ਚ ਹੋਇਆ ਸੀ। ਪਿਤਾ ਮੁਤਾਬਕ ਵਿਆਹ 'ਚ ਉਨ੍ਹਾਂ ਨੇ ਧੀ ਦੇ ਸਹੁਰੇ ਪਰਿਵਾਰ ਨੂੰ 25 ਲੱਖ ਰੁਪਏ ਦਿੱਤੇ ਸਨ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਦੋਸ਼ੀਆਂ ਨੇ ਉਨ੍ਹਾਂ ਦੀ ਧੀ ਨੂੰ ਪੇਕਿਆਂ ਤੋਂ ਫਰਨੀਚਰ ਤੇ ਗੱਡੀ ਲਿਆਉਣ ਲਈ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਪਹਿਲਾਂ ਉਹ ਸਹੁਰੇ ਪਰਿਵਾਰ ਦੀਆਂ ਮੰਗਾਂ ਪੂਰੀਆਂ ਕਰਦੇ ਰਹੇ ਪਰ ਬਾਅਦ 'ਚ ਜਦੋਂ ਧੀ ਨੂੰ ਜ਼ਿਆਦਾ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਨ੍ਹਾਂ ਨੇ ਪੰਚਾਇਤ ਬੁਲਾਈ ਤੇ ਦੋ ਵਾਰ ਪੰਚਾਇਤੀ ਫ਼ੈਸਲਾ ਵੀ ਹੋਇਆ। ਉਨ੍ਹਾਂ ਦੋਸ਼ ਲਗਾਇਆ ਕਿ ਦਾਜ ਲਈ ਪ੍ਰੇਸ਼ਾਨ ਕਰਨ ਦੇ ਨਾਲ-ਨਾਲ ਸਹੁਰਾ ਪਰਿਵਾਰ ਉਨ੍ਹਾਂ ਦੀ ਧੀ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਦਾ ਸੀ। ਇਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ। ਦੱਸਣਯੋਗ ਹੈ ਕਿ ਮਨਪ੍ਰੀਤ ਕੌਰ ਨੇ 2012 'ਚ ਕੇਰਲ ਅਤੇ 2014 'ਚ ਹਿਮਾਚਲ ਪ੍ਰਦੇਸ਼ 'ਚ ਹੋਏ ਨੈਸ਼ਨਲ ਵਾਲੀਬਾਲ ਟੂਰਨਾਮੈਂਟ 'ਚ ਕੌਮੀ ਟੀਮ ਦੀ ਨੁਮਾਇੰਦਗੀ ਕੀਤੀ ਸੀ।
ਇਹ ਵੀ ਪੜ੍ਹੋ : ਚੋਟੀਕ੍ਰਮ ਦੇ ਬੱਲੇਬਾਜ਼ਾਂ ਨੂੰ ਵੱਡੀ ਪਾਰੀ ਖੇਡਣ ਦੀ ਲੋੜ ਸੀ : ਵਿਰਾਟ