ਰਿਸ਼ਵਤ ਮਾਮਲਾ: ਸਾਬਕਾ ਵਿਜੀਲੈਂਸ DGP ਦੇ ਰੀਡਰ ਰਾਣਾ ਨੂੰ ਨਹੀਂ ਮਿਲੀ ਜ਼ਮਾਨਤ
Thursday, Aug 20, 2026 - 11:48 AM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਪੰਜਾਬ ਵਿਜੀਲੈਂਸ ਬਿਊਰੋ ਦੇ ਤਤਕਾਲੀ ਡੀ. ਜੀ. ਪੀ. ਦੇ ਰੀਡਰ ਇੰਸਪੈਕਟਰ ਓਮ ਪ੍ਰਕਾਸ਼ ਸਿੰਘ ਰਾਣਾ ਉਰਫ਼ ਓ. ਪੀ. ਰਾਣਾ ਨੂੰ ਰਿਸ਼ਵਤ ਮਾਮਲੇ 'ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਤੋਂ ਰਾਹਤ ਨਹੀਂ ਮਿਲੀ। ਅਦਾਲਤ ਨੇ ਬੁੱਧਵਾਰ ਨੂੰ ਰੈਗੂਲਰ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ। ਸੀ. ਬੀ. ਆਈ. ਅਨੁਸਾਰ ਰਾਣਾ ’ਤੇ ਵਿਜੀਲੈਂਸ 'ਚ ਦਰਜ ਸ਼ਿਕਾਇਤ ਨੂੰ ਬੰਦ ਕਰਵਾਉਣ ਅਤੇ ਸ਼ਿਕਾਇਤਕਰਤਾ ਖ਼ਿਲਾਫ਼ ਕਾਰਵਾਈ ਰੁਕਵਾਉਣ ਦੇ ਬਦਲੇ 13 ਲੱਖ ਰੁਪਏ ਅਤੇ ਮਹਿੰਗੇ ਮੋਬਾਇਲ ਫੋਨ ਦੀ ਕਥਿਤ ਮੰਗ ਕਰਨ ਦਾ ਦੋਸ਼ ਹੈ। ਸੀ. ਬੀ. ਆਈ. ਨੇ 11 ਮਈ ਨੂੰ ਟਰੈਪ ਲਗਾਇਆ ਸੀ। ਏਜੰਸੀ ਦੇ ਅਨੁਸਾਰ ਸ਼ਿਕਾਇਤਕਰਤਾ ਤੋਂ 13 ਲੱਖ ਰੁਪਏ ਅਤੇ ਮਹਿੰਗਾ ਮੋਬਾਇਲ ਫੋਨ ਇੱਕ ਹੋਟਲ ਵਿਚ ਸਹਿ-ਮੁਲਜ਼ਮ ਅੰਕਿਤ ਵਾਧਵਾ ਨੇ ਕਥਿਤ ਤੌਰ ’ਤੇ ਸਵੀਕਾਰ ਕੀਤਾ। ਸੀ. ਬੀ. ਆਈ. ਨੇ ਸਹਿ-ਮੁਲਜ਼ਮ ਅੰਕਿਤ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ, ਜਦਕਿ ਰਾਣਾ ਸਮੇਤ ਹੋਰ ਮੁਲਜ਼ਮ ਫ਼ਰਾਰ ਹੋ ਗਏ। ਰਾਣਾ ਨੇ ਬਾਅਦ ਵਿਚ 1 ਜੂਨ ਨੂੰ ਅਦਾਲਤ ਵਿਚ ਆਤਮ-ਸਮਰਪਣ ਕੀਤਾ ਸੀ।
ਰਾਣਾ ਨੇ ਦਿੱਤੀ ਜ਼ਮਾਨਤ ਦੇ ਹੱਕ ਵਿਚ ਦਲੀਲ
ਰਾਣਾ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਉਸ ਦੇ ਖ਼ਿਲਾਫ਼ ਰਿਸ਼ਵਤ ਦੀ ਸਿੱਧੀ ਮੰਗ ਜਾਂ ਰਕਮ ਦੀ ਬਰਾਮਦਗੀ ਨਹੀਂ ਹੋਈ। ਬਚਾਅ ਪੱਖ ਨੇ ਇਹ ਵੀ ਕਿਹਾ ਕਿ ਜਾਂਚ ਪੂਰੀ ਅਤੇ ਚਾਰਜਸ਼ੀਟ ਦਾਖ਼ਲ ਕੀਤੀ ਜਾ ਚੁੱਕੀ ਹੈ। ਸੀ.ਬੀ.ਆਈ. ਨੇ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਵਟਸਐਪ ਚੈਟ, ਕਾਲ ਡਿਟੇਲ ਰਿਕਾਰਡ, ਰਿਕਾਰਡ ਕੀਤੀਆਂ ਗੱਲਬਾਤਾਂ, ਸੀ.ਸੀ.ਟੀ.ਵੀ. ਫੁਟੇਜ ਅਤੇ ਮੋਬਾਇਲ ਤੋਂ ਮਿਲੇ ਡਾਟਾ ਸਮੇਤ ਕਈ ਇਲੈਕਟ੍ਰਾਨਿਕ ਸਬੂਤ ਰਾਣਾ ਦੀ ਕਥਿਤ ਭੂਮਿਕਾ ਵੱਲ ਇਸ਼ਾਰਾ ਕਰਦੇ ਹਨ। ਏਜੰਸੀ ਨੇ ਖਦਸ਼ਾ ਜਤਾਇਆ ਕਿ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਰਾਣਾ ਅਹਿਮ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
