ਅਦਾਲਤ ਨੇ ਖਾਰਿਜ ਕੀਤੀ ਸਾਬਕਾ ਉਪ ਕੁਲਪਤੀ ਅਰੋੜਾ ਦੀ ਜ਼ਮਾਨਤ ਅਰਜ਼ੀ

Saturday, Feb 03, 2018 - 09:50 AM (IST)

ਅਦਾਲਤ ਨੇ ਖਾਰਿਜ ਕੀਤੀ ਸਾਬਕਾ ਉਪ ਕੁਲਪਤੀ ਅਰੋੜਾ ਦੀ ਜ਼ਮਾਨਤ ਅਰਜ਼ੀ


ਕਪੂਰਥਲਾ (ਭੂਸ਼ਣ) - ਪੰਜਾਬ ਟੈਕਨੀਕਲ ਯੂਨੀਵਰਸਿਟੀ 'ਚ 25 ਕਰੋੜ ਰੁਪਏ ਦੇ ਘਪਲੇ ਅਤੇ ਵੱਡੀ ਗਿਣਤੀ 'ਚ ਭਰਤੀਆਂ ਵਿਚ ਕੀਤੀ ਗਈ ਮਨਮਾਨੀ ਨੂੰ ਲੈ ਕੇ ਵਿਜੀਲੈਂਸ ਬਿਊਰੋ ਵੱਲੋਂ ਨਾਮਜ਼ਦ ਕੀਤੇ ਗਏ ਮੁੱਖ ਮੁਲਜ਼ਮ ਸਾਬਕਾ ਉਪ ਕੁਲਪਤੀ ਡਾ. ਰਜਨੀਸ਼ ਅਰੋੜਾ ਦੀ ਜ਼ਮਾਨਤ ਅਰਜ਼ੀ ਨੂੰ ਜ਼ਿਲਾ ਸੈਸ਼ਨ ਜੱਜ ਆਰ. ਐੱਸ. ਰਾਏ ਦੀ ਅਦਾਲਤ ਨੇ ਖਾਰਿਜ਼ ਕਰ ਦਿੱਤਾ ਹੈ। 
ਵਿਜੀਲੈਂਸ ਬਿਊਰੋ ਦੀ ਟੀਮ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ 'ਚ 25 ਕਰੋੜ ਰੁਪਏ ਦੇ ਘਪਲੇ ਅਤੇ ਚਹੇਤਿਆਂ ਨੂੰ ਵੱਡੇ ਪੱਧਰ 'ਤੇ ਨੌਕਰੀਆਂ ਵੰਡਣ ਨੂੰ ਲੈ ਕੇ ਕੀਤੇ ਗਏ ਫਰਜ਼ੀਵਾੜੇ ਦੇ ਸਬੰਧ 'ਚ ਸਾਬਕਾ ਉਪ ਕੁਲਪਤੀ ਡਾ. ਰਜਨੀਸ਼ ਅਰੋੜਾ ਸਮੇਤ ਕੁਲ 10 ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਜਿਸ ਦੇ ਦੌਰਾਨ ਵਿਜੀਲੈਂਸ ਬਿਊਰੋ ਕਪੂਰਥਲਾ ਦੀ ਟੀਮ ਨੇ ਅੰਮ੍ਰਿਤਸਰ ਵਿਚ ਛਾਪਾਮਾਰੀ ਕਰ ਕੇ ਮੁੱਖ ਮੁਲਜ਼ਮ ਡਾ. ਰਜਨੀਸ਼ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਸੀ, ਜਦੋਂ ਕਿ ਬਾਕੀ 9 ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ। 
ਕਾਨੂੰਨੀ ਹਿਰਾਸਤ ਦੇ ਦੌਰਾਨ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ 'ਚ ਬੰਦ ਚੱਲ ਰਹੇ ਡਾ. ਰਜਨੀਸ਼ ਅਰੋੜਾ ਨੇ ਜ਼ਮਾਨਤ ਲੈਣ ਦੇ ਮਕਸਦ ਨਾਲ ਜ਼ਿਲਾ ਸੈਸ਼ਨ ਜੱਜ ਆਰ. ਐੱਸ. ਰਾਏ ਦੀ ਅਦਾਲਤ 'ਚ ਜ਼ਮਾਨਤ ਅਰਜ਼ੀ ਦਰਜ ਕੀਤੀ ਸੀ। ਜਿਸ ਨੂੰ ਲੈ ਕੇ ਅਦਾਲਤ 'ਚ ਚੱਲੀ ਸੁਣਵਾਈ  ਦੇ ਦੌਰਾਨ ਕਈ ਤਾਰੀਖਾਂ ਪਾਈਆਂ ਗਈਆਂ। ਜਿਸ 'ਤੇ ਫੈਸਲਾ ਸੁਣਾਉਂਦੇ ਹੋਏ ਸ਼ੁੱਕਰਵਾਰ ਨੂੰ ਜ਼ਿਲਾ ਸੈਸ਼ਨ ਅਦਾਲਤ ਨੇ ਡਾ. ਰਜਨੀਸ਼ ਅਰੋੜਾ ਦੀ ਜ਼ਮਾਨਤ ਅਰਜ਼ੀ ਨੂੰ ਖਾਰਿਜ ਕਰ ਦਿੱਤਾ। ਜਿਸ ਦੇ ਬਾਅਦ ਹੁਣ ਮੁਲਜ਼ਮ ਸਾਬਕਾ ਉਪ ਕੁਲਪਤੀ ਨੂੰ ਜ਼ਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਣਾ ਪਵੇਗਾ। ਉਥੇ ਹੀ ਇਸ ਪੂਰੇ ਮਾਮਲੇ ਨੂੰ ਲੈ ਕੇ ਵਿਜੀਲੈਂਸ ਬਿਊਰੋ ਵੱਲੋਂ ਨਾਮਜ਼ਦ ਕੀਤੇ ਗਏ ਬਾਕੀ 9 ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਜਾਂਚ ਜਾਰੀ ਹੈ। 


Related News