ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ’ਤੇ ਸਾਬਕਾ ਕੇਂਦਰੀ ਮੰਤਰੀ ਡਾ. ਅਸ਼ਵਨੀ ਕੁਮਾਰ ਦਾ ਅਹਿਮ ਬਿਆਨ
Friday, Mar 24, 2023 - 08:19 PM (IST)
ਚੰਡੀਗੜ੍ਹ (ਬਿਊਰੋ) : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਲੋਕ ਸਭਾ ਦੀ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਡਾ. ਅਸ਼ਵਨੀ ਕੁਮਾਰ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਂਬਰਸ਼ਿਪ ਰੱਦ ਹੋਣਾ ਬਹੁਤ ਮੰਦਭਾਗਾ ਹੈ ਤੇ ਮੇਰਾ ਇਹ ਮੰਨਣਾ ਹੈ ਕਿ ਅਪੀਲ ਕਰਨ ’ਤੇ ਉਨ੍ਹਾਂ ਨੂੰ ਰਾਹਤ ਮਿਲੇਗੀ ਕਿਉਂਕਿ ਇਸ ਕੇਸ ’ਚ ਕੁਝ ਅਜਿਹੇ ਨੁਕਤੇ ਹਨ, ਜਿਨ੍ਹਾਂ ਨੂੰ ਸਮਝ ਕੇ ਉੱਪਰਲੇ ਕੋਰਟ ਉਨ੍ਹਾਂ ਨਾਲ ਨਿਆਂ ਕਰ ਸਕਣ। ਉਨ੍ਹਾਂ ਕਿਹਾ ਕਿ ਬਹਿਰਹਾਲ ਇਕ ਗੱਲ ਤਾਂ ਸਾਫ਼ ਹੈ ਕਿ ਸੁਪਰੀਮ ਕੋਰਟ ਦੇ ਜੋ ਫ਼ੈਸਲੇ ਲਿਲੀ ਥਾਮਸ ਕੇਸ ’ਚ ਆਏ ਹਨ, ਉਨ੍ਹਾਂ ਦੇ ਮੱਦੇਨਜ਼ਰ ਮੈਂਬਰਸ਼ਿਪ ਨੂੰ ਰੱਦ ਕਰਨ ਦਾ ਕਾਨੂੰਨ ਹੈ, ਉਹ ਬਹੁਤ ਸਖ਼ਤ ਹੈ।
ਇਹ ਖ਼ਬਰ ਵੀ ਪੜ੍ਹੋ : ਰਾਹੁਲ ਗਾਂਧੀ ਨੂੰ ਅਯੋਗ ਠਹਿਰਾਉਣ ਨੂੰ ਲੈ ਕੇ ਅਕਾਲੀ ਦਲ ਨੇ ਚੁੱਕੇ ਵੱਡੇ ਸਵਾਲ
ਉਨ੍ਹਾਂ ਕਿਹਾ ਕਿ ਇਸ ਕਾਨੂੰਨ ’ਚ ਤਬਦੀਲੀ ਕਰਨ ਦੀ ਲੋੜ ਹੈ, ਜਿਵੇਂ ਕਿ ਯੂ. ਪੀ. ਏ. ਸਰਕਾਰ ਨੇ ਇਕ ਸਮੇਂ ਚਾਹਿਆ ਸੀ ਕਿ ਇਸ ਮਾਮਲੇ ’ਚ ਇਕ ਆਰਡੀਨੈਂਸ ਲਿਆ ਕੇ ਇਹ ਵਿਵਸਥਾ ਜੋੜੀ ਜਾਵੇ ਕਿ ਜਿਸ ਵਿਧਾਇਕ ਦੀ ਮੈਂਬਰਸ਼ਿਪ ਖ਼ਤਮ ਹੁੰਦੀ ਹੈ, ਉਸ ਨੂੰ ਤਿੰਨ ਮਹੀਨਿਆਂ ’ਚ ਇਕ ਅਪੀਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਉਸ ਤਰ੍ਹਾਂ ਦਾ ਕਾਨੂੰਨ ਆਉਣਾ ਚਾਹੀਦਾ ਹੈ ਤਾਂ ਕਿ ਕਿਸੇ ਵੀ ਵਿਧਾਇਕ ਦੀ ਮੈਂਬਰਸ਼ਿਪ ਬਿਨਾਂ ਕਿਸੇ ਅਪੀਲ ਦੇ ਖਾਰਿਜ ਨਾ ਹੋਵੇ। ਲੋਕਾਂ ਦੀ ਨੁਮਾਇੰਦਗੀ ਕਰਨਾ ਲੋਕਤੰਤਰ ’ਚ ਇਕ ਮੁੱਖ ਅਧਿਕਾਰ ਹੈ ਤੇ ਇਸ ਅਧਿਕਾਰ ਨੂੰ ਇੰਨੀ ਆਸਾਨੀ ਨਾਲ ਲੈ ਲੈਣਾ ਉਚਿਤ ਨਹੀਂ ਹੈ।