ਪੰਜਾਬ ਅੰਦਰ ਦੋ ਵੱਡੇ ਘਿਨੌਣੇ ਸਿਆਸੀ ਕਤਲ ਸੂਬੇ ਦੀ ਗਰਕ ਚੁੱਕੀ ਕਾਨੂੰਨੀ ਵਿਵਸਥਾ ਦਾ ਪ੍ਰਮਾਣ : ਢੀਂਡਸਾ

Tuesday, Oct 31, 2017 - 05:03 PM (IST)

ਪੰਜਾਬ ਅੰਦਰ ਦੋ ਵੱਡੇ ਘਿਨੌਣੇ ਸਿਆਸੀ ਕਤਲ ਸੂਬੇ ਦੀ ਗਰਕ ਚੁੱਕੀ ਕਾਨੂੰਨੀ ਵਿਵਸਥਾ ਦਾ ਪ੍ਰਮਾਣ : ਢੀਂਡਸਾ

ਮਾਲੇਰਕੋਟਲਾ (ਜ਼ਹੂਰ) - ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਸਟਰ ਹਰਕੀਰਤ ਸਿੰਘ 
ਚੂੰਘਾਂ ਦੀ ਕੱਲ ਹੋਈ ਹੱਤਿਆ ਇਕ ਸਿਆਸੀ ਕਤਲ ਹੈ ਅਤੇ ਹੁਣ ਤੱਕ ਕਾਤਲਾਂ ਨੂੰ ਫੜਿਆ ਨਾ ਜਾਣਾ ਜਿਥੇ ਸੰਗਰੂਰ ਪੁਲਸ ਦੀ ਕਾਰਗੁਜ਼ਾਰੀ ਉੱਪਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ, ਉਥੇ ਜ਼ਿਲਾ ਸੰਗਰੂਰ ਅੰਦਰ ਮੌਜੂਦਾ ਕਾਂਗਰਸ ਰਾਜ ਦੌਰਾਨ ਤਿੰਨ ਮਹੀਨਿਆਂ 'ਚ ਹੋਏ ਇਸ ਦੂਜੇ ਸਿਆਸੀ ਕਤਲ ਨੇ ਸਾਫ ਕਰ ਦਿੱਤਾ ਹੈ ਕਿ ਪੰਜਾਬ ਅੰਦਰ ਕਾਨੂੰਨ ਨਾਂ ਦੀ ਕੋਈ ਚੀਜ ਮੌਜੂਦ ਨਹੀਂ ਹੈ। ਸਾਬਕਾ ਵਿੱਤ ਮੰਤਰੀ ਮੰਗਲਵਾਰ ਇਥੇ ਮਾਸਟਰ ਹਰਕੀਰਤ ਸਿੰਘ ਦੀ ਮ੍ਰਿਤਕ ਦੇਹ ਦੇ ਪੋਸਟਮਾਰਟਮ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਸਨ। ਉਨ੍ਹਾਂ ਪਿਛਲੇ ਦਿਨੀਂ ਸੰਗਰੂਰ ਨੇੜਲੇ ਪਿੰਡ ਅਲੀਸ਼ੇਰ ਦੇ ਅਕਾਲੀ ਆਗੂ ਰਮੇਸ਼ ਕੁਮਾਰ ਦੇ ਹੋਏ ਕਤਲ ਦੀ ਚਰਚਾ ਕਰਦਿਆਂ ਕਿਹਾ ਕਿ ਪੁਲਸ ਨੇ ਪਹਿਲਾਂ ਰਮੇਸ਼ ਕੁਮਾਰ ਦੇ ਕਤਲ ਨੂੰ ਇਕ ਹਾਦਸਾ ਦਿਖਾਉਣ ਦੀ ਕੋਸ਼ਿਸ ਕੀਤੀ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਤੋਂ ਬਾਅਦ ਦੋਸ਼ੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਹੀ ਮਾਸਟਰ ਹਰਕੀਰਤ ਸਿੰਘ ਦੇ ਕਤਲ ਪਿੱਛੇ ਵੀ ਵੱਡੀ ਸਿਆਸੀ ਰੰਜਿਸ਼ ਹੋ ਸਕਦੀ ਹੈ ਅਤੇ ਪੁਲਸ ਨੂੰ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਕਰਕੇ ਅਕਾਲੀ ਵਰਕਰਾਂ ਨੂੰ ਜਲਦੀ ਸ਼ਾਂਤ ਕਰਨਾ ਚਾਹੀਦਾ ਹੈ । ਢੀਂਡਸਾ ਨੇ ਪੁਲਸ ਉਪਰ ਕਾਂਗਰਸੀ ਆਗੂਆਂ ਦੀ ਕੱਠਪੁਤਲੀ ਬਣਕੇ ਕੰਮ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੁਲਸ ਆਪਣੀ ਡਿਊਟੀ ਛੱਡ ਕੇ ਸਿਆਸੀ ਕਾਂਗਰਸੀ ਆਗੂਆਂ ਦੀ ਪੁਸ਼ਤਪਨਾਹੀ ਕਰ ਰਹੀ ਹੈ, ਪੁਲਸ ਦੇ ਅਜਿਹੇ ਰਵੱਈਏ ਨੂੰ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕਰੇਗਾ। 
ਢੀਂਡਸਾ ਨੇ ਕਿਹਾ ਕਿ ਮੇਰੇ 17 ਸਾਲ ਦੇ ਸਿਆਸੀ ਜੀਵਨ 'ਚ ਪਹਿਲੀ ਵਾਰ ਜ਼ਿਲਾ ਸੰਗਰੂਰ ਅੰਦਰ ਲਗਾਤਾਰ ਦੋ ਸਿਆਸੀ ਕਤਲ ਹੋਏ ਹਨ । ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਗਿਆ ਅਤੇ ਅਕਾਲੀ ਵਰਕਰਾਂ ਉਪਰ ਸਿਆਸੀ ਬਦਲਾਖੋਰੀ ਤਹਿਤ ਕਾਰਵਾਈਆਂ ਬੰਦ ਨਾ ਕੀਤੀਆਂ ਗਈਆਂ ਤਾਂ ਸ਼੍ਰੋਮਣੀ ਅਕਾਲੀ ਦਲ ਐੱਸ.ਐੱਸ.ਪੀ. ਦਫਤਰ ਸਮੇਤ ਥਾਣਿਆਂ ਦੇ ਘਿਰਾਓ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗਾ । ਉਨ੍ਹਾਂ ਪੰਜਾਬ ਅੰਦਰ ਬੂਰੀ ਤਰ੍ਹਾਂ ਵਿਗੜ ਚੁੱਕੀ ਕਾਨੂੰਨ ਵਿਵਸਥਾ ਦਾ ਖੁਲਾਸਾ ਕਰਦਿਆਂ ਕਿਹਾ ਕਿ ਸੋਮਵਾਰ ਮਾਲੇਰਕੋਟਲਾ 'ਚ ਮਾਸਟਰ ਹਰਕੀਰਤ ਸਿੰਘ ਚੂੰਘਾ ਅਤੇ ਅੰਮ੍ਰਿਤਸਰ 'ਚ ਇਕ ਹਿੰਦੂ ਨੇਤਾ ਵਿਪਨ ਸ਼ਰਮਾਂ ਦੇ ਹੋਏ ਘਿਨੌਣੇ ਸਿਆਸੀ ਕਤਲ ਪੰਜਾਬ ਦੀ ਗਰਕ ਚੁੱਕੀ ਕਾਨੂੰਨ ਵਿਵਸਥਾ ਅਤੇ ਪੁਲਸ ਪ੍ਰਸ਼ਾਸਨ ਦੀ ਨਾ ਅਹਿਲੀਅਤ ਦਾ ਸਪਸ਼ਟ ਪ੍ਰਮਾਣ ਹਨ। ਇਸ ਮੌਕੇ ਉਨ੍ਹਾਂ ਨਾਲ ਹਾਜ਼ਰ ਨਗਰ ਕੌਂਸਲ ਮਾਲੇਰਕੋਟਲਾ ਦੇ ਸਾਬਕਾ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਇਲ ਦੇ ਪਰਿਵਾਰ ਉਪਰ ਮੰਗਲਵਾਰ ਸਵੇਰੇ ਕਾਂਗਰਸੀ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਦੀ ਜ਼ੋਰਦਾਰ ਨਿਖੇਦੀ ਕਰਦਿਆਂ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਅਕਾਲੀ ਵਰਕਰਾਂ 'ਤੇ ਹੋ ਰਹੇ ਜ਼ੁਲਮਾਂ ਨੂੰ ਸ਼੍ਰੋਮਣੀ ਅਕਾਲੀ ਦਲ ਮੂਕ ਦਰਸ਼ਕ ਬਣ ਕੇ ਬਰਦਾਸ਼ਤ ਨਹੀਂ ਕਰੇਗਾ ਅਤੇ ਅਜਿਹੇ ਸਿਆਸੀ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਾਮਰੇਡ ਇਸਮਾਇਲ ਵਰਗੇ ਮੋਹਤਵਰ ਸ਼ਹਿਰੀਆਂ ਨਾਲ ਹੀ ਅਜਿਹਾ ਹੋਵੇਗਾ ਤਾਂ ਆਮ ਆਦਮੀ ਦਾ ਕੀ ਬਣੇਗਾ। ਬੀਤੇ ਦਿਨੀਂ ਮਾਲੇਰਕੋਟਲਾ 'ਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਆਂਗਣਵਾੜੀ ਵਰਕਰਾਂ ਨਾਲ ਪੁਲਸ ਵੱਲੋਂ ਕੀਤੀ ਗਈ ਧੱਕਾ-ਮੁੱਕੀ ਦੀ ਨਿੰਦਾ ਕਰਦਿਆਂ ਢੀਂਡਸਾ ਨੇ ਕਿਹਾ ਕਿ ਮੌਜੂਦਾ ਕਾਂਗਰਸ ਦੇ ਰਾਜ 'ਚ ਕੋਈ ਵੀ ਵਰਗ ਸੰਤੁਸ਼ਟ ਨਹੀਂ ਹੈ । ਲੋਕ ਇੰਨਸਾਫ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ।


Related News