ਬਹਿਬਲ ਕਲਾਂ ਗੋਲੀਕਾਂਡ 'ਚ ਸਾਬਕਾ SSP ਚਰਨਜੀਤ ਗ੍ਰਿਫਤਾਰ (ਵੀਡੀਓ)
Sunday, Jan 27, 2019 - 09:07 AM (IST)
ਹੁਸ਼ਿਆਰਪੁਰ— ਬਹਿਬਲ ਕਲਾਂ ਗੋਲੀਕਾਂਡ ਸੰਬੰਧੀ ਕਾਰਵਾਈ 'ਚ ਸਪੈਸ਼ਲ ਜਾਂਚ ਟੀਮ (ਐੱਸ. ਆਈ. ਟੀ.) ਨੇ ਅੱਜ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ, ਚਰਨਜੀਤ ਦੀ ਗ੍ਰਿਫਤਾਰੀ ਉਨ੍ਹਾਂ ਦੇ ਘਰ ਹੁਸ਼ਿਆਰਪੁਰ ਤੋਂ ਹੋਈ ਹੈ। ਸੂਤਰਾਂ ਮੁਤਾਬਕ, ਉਹ ਵਿਦੇਸ਼ ਭੱਜਣ ਦੀ ਤਾਂਘ 'ਚ ਸਨ। ਸਪੈਸ਼ਲ ਜਾਂਚ ਟੀਮ ਨੇ ਹਾਈਕੋਰਟ ਦੇ ਫੈਸਲੇ ਮਗਰੋਂ ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਕੋਲੋਂ ਹੁਣ ਪੁੱਛਗਿੱਛ ਕੀਤੀ ਜਾਵੇਗੀ।
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬਹਿਬਲ ਕਲਾਂ ਗੋਲੀਕਾਂਡ ਸੰਬੰਧੀ ਜਸਟਿਸ ਰਣਜੀਤ ਸਿੰਘ ਅਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀਆਂ ਰਿਪੋਰਟਾਂ ਵਿਰੁੱਧ ਦਾਖਲ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਤੇ ਹੋਰ ਪੁਲਸ ਅਫਸਰਾਂ ਦੀ ਪਟੀਸ਼ਨ 2 ਦਿਨ ਪਹਿਲਾਂ ਹੀ ਸ਼ੁੱਕਰਵਾਰ ਨੂੰ ਰੱਦ ਕੀਤੀ ਸੀ। ਹਾਈਕੋਰਟ ਦਾ ਕਹਿਣਾ ਹੈ ਕਿ ਬੇਅਦਬੀਆਂ ਤੇ ਗੋਲੀਕਾਂਡ ਦੀ ਜਾਂਚ ਐੱਸ. ਆਈ. ਟੀ. ਹੀ ਕਰੇਗੀ।ਹਾਈਕੋਰਟ ਨੇ ਜਾਂਚ ਤੇਜ਼ ਕਰਨ ਲਈ ਐੱਸ. ਆਈ. ਟੀ. ਨੂੰ ਹੁਕਮ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬਹਿਬਲ ਕਲਾਂ 'ਚ ਲਗਭਗ ਸਾਢੇ ਤਿੰਨ ਵਰ੍ਹੇ ਪਹਿਲਾਂ ਵਾਪਰੇ ਪੁਲਸ ਗੋਲੀਕਾਂਡ ਦੇ ਮਾਮਲੇ 'ਚ ਸਰਕਾਰ ਨੇ 4 ਪੁਲਸ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਸੀ। ਸਰਕਾਰ ਵੱਲੋਂ ਇਹ ਕਾਰਵਾਈ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਕੀਤੀ ਗਈ ਸੀ। 21 ਅਕਤੂਬਰ 2015 ਨੂੰ ਦਰਜ ਐੱਫ. ਆਈ. ਆਰ. 'ਚ ਮੋਗਾ ਦੇ ਤਤਕਾਲੀ ਐੱਸ. ਐੱਸ. ਪੀ. ਚਰਨਜੀਤ ਸਿੰਘ ਸ਼ਰਮਾ (ਹੁਣ ਸੇਵਾ ਮੁਕਤ), ਫਾਜ਼ਿਲਕਾ ਦੇ ਤਤਕਾਲੀ ਐੱਸ. ਪੀ. (ਡੀ) ਬਿਕਰਮਜੀਤ ਸਿੰਘ, ਇੰਸਪੈਕਟਰ ਪਰਦੀਪ ਸਿੰਘ ਅਤੇ ਸਬ ਇੰਸਪੈਕਟਰ ਅਮਰਜੀਤ ਸਿੰਘ ਨੂੰ ਨਾਮਜ਼ਦ ਕੀਤਾ ਸੀ।
ਇਸ ਗੋਲੀਕਾਂਡ 'ਚ ਫਰੀਦਕੋਟ ਜ਼ਿਲ੍ਹੇ ਦੇ ਦੋ ਨੌਜਵਾਨ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੀ ਮੌਤ ਹੋ ਗਈ ਸੀ ਤੇ ਕਈ ਜਣੇ ਫੱਟੜ ਹੋਏ ਸਨ।ਹਾਈਕੋਰਟ ਵੱਲੋਂ ਹਾਲ ਹੀ 'ਚ ਕਾਰਵਾਈ ਤੋਂ ਹਟਾਈ ਗਈ ਪਾਬੰਦੀ ਮਗਰੋਂ ਐੱਸ. ਆਈ. ਟੀ. ਨੇ ਇਨ੍ਹਾਂ ਚਾਰੇ ਪੁਲਸ ਅਧਿਕਾਰੀਆਂ ਨੂੰ ਸੰਮਨ ਜਾਰੀ ਕਰਕੇ ਆਉਂਦੀ 29 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ।