ਪ੍ਰਕਾਸ਼ ਸਿੰਘ ਬਾਦਲ ਦੀ ਸ਼ਖ਼ਸੀਅਤ ਤੇ ਅਕਾਲੀ ਦਲ ਦੇ ਕੰਮਾਂ ਨੂੰ ਵੋਟ ਪਾਉਣਗੇ ਲੋਕ: ਨਰੇਸ਼ ਗੁਜਰਾਲ

Sunday, May 07, 2023 - 01:51 PM (IST)

ਜਲੰਧਰ (ਰਮਨਦੀਪ ਸੋਢੀ)-ਪੰਜਾਬ ’ਚ ਵਿਕਾਸ ਦੀ ਲਹਿਰ ਲੈ ਕੇ ਆਉਣ ਤੇ ਖੇਤੀ ਨੂੰ ਪ੍ਰਫੁੱਲਿਤ ਕਰਨ ’ਚ ਜੇਕਰ ਕਿਸੇ ਸਿਆਸੀ ਜਮਾਤ ਨੇ ਕੰਮ ਕੀਤਾ ਹੈ ਤਾਂ ਇਹ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਇਆ ਹੈ। ਸਾਬਕਾ ਰਾਜ ਸਭਾ ਮੈਂਬਰ ਅਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਨਰੇਸ਼ ਗੁਜਰਾਲ ਨੇ ਇਹ ਸ਼ਬਦ ਕਹਿੰਦਿਆਂ ਦਾਅਵਾ ਕੀਤਾ ਕਿ ਇਨ੍ਹਾਂ ਚੋਣਾਂ ਵਿਚ ਲੋਕ ਅਕਾਲੀ ਦਲ ਨੂੰ ਫਤਵਾ ਦੇਣਗੇ। ਸੱਤਾਧਿਰ ’ਤੇ ਸਵਾਲ ਖੜ੍ਹੇ ਕਰਦਿਆਂ ਗੁਜਰਾਲ ਨੇ ਅਕਾਲੀ ਦਲ ਦੇ ਭਾਜਪਾ ਨਾਲ ਮੁੜ ਸਮਝੌਤੇ ਬਾਰੇ ਵੀ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

ਜਿੱਤ ਲਈ ਹਰ ਪਾਰਟੀ ਕਰ ਰਹੀ ਦਾਅਵਾ
ਗੁਜਰਾਲ ਮੁਤਾਬਕ ਜਲੰਧਰ ਚੋਣਾਂ ਵੇਲੇ ਪਹਿਲੀ ਵਾਰ ਅਜਿਹਾ ਮਾਹੌਲ ਬਣਿਆ ਹੈ ਜਦੋਂ ਹਰ ਪਾਰਟੀ ਲਈ ਜਿੱਤ ਜ਼ਰੂਰੀ ਬਣੀ ਹੋਈ ਹੈ। ਜੇਕਰ ਇਸ ਵਾਰ ਆਮ ਆਦਮੀ ਪਾਰਟੀ ਹਾਰੀ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਵੀ ਉਨ੍ਹਾਂ ਨੂੰ ਖਮਿਆਜ਼ਾ ਭੁਗਤਣਾ ਪਵੇਗਾ, ਕਿਉਂਕਿ ਇਹ ਉਨ੍ਹਾਂ ਦੀ ਦੂਜੀ ਹਾਰ ਹੋਵੇਗੀ। ਕਾਂਗਰਸ ਲਈ ਇਹ ਉਸ ਦੀ ਵਿਰਾਸਤੀ ਸੀਟ ਹੈ। ਜੇਕਰ ਉਹ ਇਹ ਸੀਟ ਹਾਰੀ ਤਾਂ ਇਹ ਸਾਫ਼ ਹੋ ਜਾਵੇਗਾ ਕਿ ਰਾਹੁਲ ਗਾਂਧੀ ਦੀ ਪੈਦਲ ਯਾਤਰਾ ਦਾ ਪਾਰਟੀ ਨੂੰ ਕੋਈ ਲਾਭ ਮਿਲਿਆ ਹੀ ਨਹੀਂ ਅਤੇ ਪਾਰਟੀ ਥੱਲੇ ਜਾ ਰਹੀ ਹੈ।
ਭਾਜਪਾ ਵਿਖਾ ਰਹੀ ਹੈ ਕਿ ਉਹ ਆਪਣੇ-ਆਪ ’ਚ ਵੱਡਾ ਵੋਟ ਸ਼ੇਅਰ ਰੱਖਦੀ ਹੈ। ਸਾਰੀ ਲੀਡਰਸ਼ਿਪ ਪੰਜਾਬ ’ਚ ਆਈ ਹੋਈ ਹੈ। ਕਈ ਸੀਨੀਅਰ ਮੰਤਰੀ ਜਲੰਧਰ ’ਚ ਬੈਠੇ ਹਨ। ਇਸ ਲਈ ਇਹ ਚੋਣ ਜਿੱਤਣਾ ਉਨ੍ਹਾਂ ਲਈ ਖੁਦ ਨੂੰ ਸਾਬਿਤ ਕਰਨ ਲਈ ਬਹੁਤ ਜ਼ਰੂਰੀ ਹੈ। ਅਕਾਲੀ ਦਲ ਸ. ਬਾਦਲ ਤੋਂ ਬਾਅਦ ਇਨ੍ਹਾਂ ਚੋਣਾਂ ’ਚ ਪਹਿਲੀ ਵਾਰ ਲੜ ਰਿਹਾ ਹੈ। ਸੁਖਬੀਰ ਬਾਦਲ ਦੀ ਲੀਡਰਸ਼ਿਪ ਦਾ ਸਵਾਲ ਹੈ। ਇਹ ਚੋਣ 2024 ਦੀ ਜਨਰਲ ਇਲੈਕਸ਼ਨ ਦੀ ਨੀਂਹ ਰੱਖੇਗੀ।

ਇਹ ਵੀ ਪੜ੍ਹੋ :  ਜਲੰਧਰ ਵਿਖੇ ਸੰਤ ਕਬੀਰ ਦਾਸ ਮੰਦਿਰ ਨਤਮਸਤਕ ਹੋਏ CM ਭਗਵੰਤ ਮਾਨ, ਆਖੀਆਂ ਅਹਿਮ ਗੱਲਾਂ

ਅਕਾਲੀ ਦਲ ਦੀ ਸਥਿਤੀ ਕੀ ਹੈ?
ਮਿਲ ਰਹੀ ਫੀਡਬੈਕ ਦੌਰਾਨ ਪਹਿਲੀ ਵਾਰ ਲੋਕ ਕਹਿ ਰਹੇ ਹਨ ਕਿ ਅਸੀਂ ਬਾਦਲ ਪਰਿਵਾਰ ਨਾਲ ਬੇਇਨਸਾਫ਼ੀ ਕੀਤੀ ਹੈ। ਲੋਕਾਂ ਨੂੰ ਹੁਣ ਪਤਾ ਲੱਗ ਰਿਹਾ ਹੈ ਕਿ ਬਾਦਲ ਸਾਹਿਬ ਨੇ ਪੰਜਾਬ ਅਤੇ ਹਿੰਦੂ-ਸਿੱਖ ਏਕਤਾ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ। ਕਿਸਾਨਾਂ ਲਈ ਅਨੇਕਾਂ ਲੜਾਈਆਂ ਲੜੀਆਂ ਹਨ। ਸੂਬੇ ਦਾ ਸਮੁੱਚਾ ਇਨਫਰਾਸਟਰੱਕਚਰ ਸੁਖਬੀਰ ਬਾਦਲ ਨੇ ਬਣਵਾਇਆ। ਸੂਬੇ ਦੇ ਪੂਰੇ ਰੋਡ ਨੈੱਟਵਰਕ ਵਰਗਾ ਕੋਈ ਵੀ ਨੈੱਟਵਰਕ ਦੇਸ਼ ਵਿਚ ਹੋਰ ਕਿਤੇ ਵੀ ਨਹੀਂ। 2007 ’ਚ ਜਦ ਸਾਡੀ ਸਰਕਾਰ ਬਣੀ ਸੀ ਤਾਂ 11-11 ਘੰਟੇ ਦੇ ਬਿਜਲੀ ਕੱਟ ਲੱਗ ਰਹੇ ਸਨ, ਜਦ 10 ਸਾਲ ਬਾਅਦ ਅਸੀਂ ਸੱਤਾ ਤੋਂ ਪਾਸੇ ਹੋਏ ਤਾਂ ਪੰਜਾਬ ਬਿਜਲੀ ਸਰਪਲੱਸ ਹੋ ਚੁੱਕਾ ਸੀ। ਪੰਜਾਬ ਵਿਚ ਬਣੇ ਏਅਰਪੋਰਟ ਅਕਾਲੀ ਦਲ ਦੀ ਹੀ ਦੇਣ ਹੈ। ਅਕਾਲੀ ਦਲ ਨੂੰ ਖ਼ਾਸ ਕਰਕੇ ਪਿੰਡਾਂ ’ਚ ਹਮਦਰਦੀ ਨਾਲ ਲੋਕ ਵੋਟ ਦੇਣ ਲਈ ਤਿਆਰ ਬੈਠੇ ਹਨ। ਇਕੱਲੇ ਸਿੱਖ ਹੀ ਨਹੀਂ ਸਗੋਂ ਸਾਰਾ ਪੰਜਾਬ ਬਾਦਲ ਸਾਹਿਬ ਨੂੰ ਯਾਦ ਕਰ ਰਿਹਾ ਹੈ।

ਸਰਕਾਰ ਦੇ ਵਿਕਾਸ ਦੇ ਦਾਅਵੇ ਖੋਖਲੇ
ਮੌਜੂਦਾ ਸਰਕਾਰ ਵਲੋਂ ਹਾਲੇ ਤਾਂ ਮੁਹੱਲਾ ਕਲੀਨਿਕਾਂ ’ਚ ਡਾਕਟਰਾਂ ਨੂੰ ਪਿੰਡਾਂ ’ਚੋਂ ਲਿਆ ਕੇ ਬਿਠਾ ਦਿੱਤਾ ਗਿਆ ਹੈ, ਜੋ ਚੋਣਾਂ ਤੋਂ ਬਾਅਦ ਵਾਪਸ ਚਲੇ ਜਾਣਗੇ। ਸਕੂਲ ਆਫ਼ ਐਮੀਨੈਂਸ ’ਚ ਸਿਰਫ਼ ਨਾਂ ਦਾ ਹੇਰ-ਫੇਰ ਹੈ। ਸਕੂਲ ਤਿਆਰ ਤਾਂ ਅਸੀਂ ਕਰਵਾਏ, ਜਿਨ੍ਹਾਂ ਦਾ ਨਾਂ ਬਦਲ ਕੇ ਸਕੂਲ ਆਫ਼ ਐਮੀਨੈਂਸ ਰੱਖ ਦਿੱਤਾ। ਬਿਜਲੀ ਦੀ ਹਾਲਤ ਮਾੜੀ ਹੋ ਗਈ ਹੈ। ਅੱਜ ਦਫ਼ਤਰਾਂ ਦਾ ਸਮਾਂ ਕੀ ਹੋ ਗਿਆ, ਲੋਕ ਖੱਜਲ ਹੋ ਰਹੇ ਹਨ।

ਇਹ ਵੀ ਪੜ੍ਹੋ :  ਜਲੰਧਰ ਲੋਕ ਸਭਾ ਜ਼ਿਮਨੀ ਚੋਣ: ਭਲਕੇ ਸ਼ਾਮ 6 ਵਜੇ ਤੋਂ ਚੋਣ ਪ੍ਰਚਾਰ ਹੋਵੇਗਾ ਬੰਦ, ਲੱਗਣਗੀਆਂ ਇਹ ਪਾਬੰਦੀਆਂ

ਪੰਜਾਬ ਦਾ ਕਰਜ਼ਾ ਹੋਇਆ 3 ਲੱਖ ਕਰੋੜ ਰੁਪਏ
ਬਿਜਲੀ ਮੁਆਫ਼ੀ ਨਾਲ ਲੋਕਾਂ ਨੂੰ ਲਾਭ ਹੋਇਆ ਹੋ ਸਕਦਾ ਪਰ ਦੂਜੇ ਪਾਸੇ ਪੰਜਾਬ ਦਾ ਕਰਜ਼ਾ ਅੱਜ 3 ਲੱਖ ਕਰੋੜ ਰੁਪਏ ਹੋ ਗਿਆ। ਰੈਵੀਨਿਊ ਜਨਰੇਟ ਕਰਨ ਬਾਰੇ ਕੋਈ ਨਹੀਂ ਸੋਚਦਾ। ਇਹ ਰੈਵੀਨਿਊ ਉਸ ਵੇਲੇ ਜਨਰੇਟ ਹੋਵੇਗਾ ਜਦ ਪੰਜਾਬ ’ਚ ਇੰਡਸਟਰੀ ਆਵੇਗੀ ਪਰ ਇੰਡਸਟਰੀ ਦੀ ਅਣਹੋਂਦ ਕਾਰਨ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਹਨ। ਨੌਜਵਾਨਾਂ ਲਈ ਪੰਜਾਬ ’ਚ ਨੌਕਰੀਆਂ ਨਹੀਂ ਹਨ। ਅੱਜ ਪੰਜਾਬ ’ਚ ਡਰੱਗ ਆਊਟ ਆਫ਼ ਕੰਟਰੋਲ ਹੋ ਗਿਆ। ਇਸ ਦਾ ਮੁੱਖ ਕਾਰਨ ਇਹੀ ਹੈ ਕਿ ਨੌਜਵਾਨ ਅੱਜ ਵੀ ਨਿਰਾਸ਼ ਹਨ ਤੇ ਉਨ੍ਹਾਂ ਲਈ ਕੋਈ ਯੋਜਨਾ ਨਹੀਂ ਹੈ।

ਭਾਜਪਾ ਨਾਲ ਤੋੜ-ਵਿਛੋੜੇ ਨੂੰ ਕਿਵੇਂ ਵੇਖਦੇ ਹੋ?
ਉਸ ਵੇਲੇ ਸਾਡੇ ਕੋਲ ਕੋਈ ਬਦਲ ਨਹੀਂ ਸੀ। ਸਾਡੀ ਪਾਰਟੀ ਕਿਸਾਨਾਂ ਦੀ ਪਾਰਟੀ ਹੈ, ਕੇਂਦਰ ਨੇ ਉਸ ਵੇਲੇ ਕਿਸਾਨਾਂ ਦੇ ਖ਼ਿਲਾਫ਼ ਕਾਨੂੰਨ ਪਾਸ ਕਰ ਦਿੱਤੇ, ਜਿਸ ਬਾਰੇ ਅਸੀਂ ਕਈ ਵਾਰ ਉਨ੍ਹਾਂ ਨੂੰ ਆਖਿਆ ਕਿ ਇਸ ’ਤੇ ਵਿਚਾਰ ਕਰ ਲਿਆ ਜਾਵੇ। ਕਈ ਅਪੀਲਾਂ-ਦਲੀਲਾਂ ਦੇ ਬਾਵਜੂਦ ਕੇਂਦਰ ਕੁਝ ਸੁਣਨ ਲਈ ਤਿਆਰ ਨਹੀਂ ਸੀ, ਜਿਸ ਕਾਰਨ ਸਾਡਾ ਤੋੜ-ਵਿਛੋੜਾ ਹੋ ਗਿਆ। ਸਿਆਸਤ ’ਚ ਕੁਝ ਵੀ ਅਸੰਭਵ ਨਹੀਂ। ਮੰਨ ਲਓ 13 ਤਰੀਕ ਨੂੰ ਭਾਜਪਾ ਕਰਨਾਟਕ ’ਚ ਚੋਣ ਹਾਰ ਜਾਂਦੀ ਹੈ, ਜਿਸ ਤੋਂ ਬਾਅਦ ਭਾਜਪਾ ਦਾ ਮੁੱਖ ਏਜੰਡਾ ਹੋਵੇਗਾ ਕਿ ਅਗਲੀਆਂ ਚੋਣਾਂ ਜਿੱਤਣ ਲਈ ਸਾਰੇ ਪੁਰਾਣੇ ਸਾਥੀਆਂ ਨੂੰ ਇਕੱਠਾ ਕਰ ਲਿਆ ਜਾਵੇ। ਫਿਰ ਉਹ ਭਾਵੇਂ ਸ਼ਿਵ ਸੈਨਾ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ। ਇਸ ਲਈ 13 ਮਈ ਕਾਫ਼ੀ ਮਾਇਨੇ ਰੱਖਦੀ ਹੈ, ਪੰਜਾਬ ਦੀ ਸਿਆਸਤ ਲਈ ਵੀ ਅਤੇ ਦੇਸ਼ ਦੀ ਸਿਆਸਤ ਲਈ ਵੀ।

ਇਹ ਵੀ ਪੜ੍ਹੋ : ਹਰ ਪਾਰਟੀ ਲਈ ਵੱਕਾਰ ਦਾ ਸਵਾਲ ਬਣੀ ਜਲੰਧਰ ਲੋਕ ਸਭਾ ਸੀਟ, ਸਿਕੰਦਰ ਬਣਨ ਲਈ ਦੋ CM ਪੱਬਾਂ ਪਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ


shivani attri

Content Editor

Related News