ਦਿਆਲ ਸਿੰਘ ਦੇ ਪੁੱਤਰ ਦਾ ਹਾਲ ਜਾਨਣ ਹਸਪਤਾਲ ਪਹੁੰਚੇ ਪ੍ਰਕਾਸ਼ ਸਿੰਘ ਬਾਦਲ, ਹਮਲੇ ਦੀ ਕੀਤੀ ਨਿੰਦਾ

10/23/2017 1:03:01 PM

ਬਠਿੰਡਾ (ਅਮਿਤ ਸ਼ਰਮਾ) — ਮਲੋਟ ਤੋਂ ਐੱਸ. ਜੀ. ਪੀ. ਸੀ. ਮੈਂਬਰ ਦਿਆਲ ਸਿੰਘ ਕੋਲਿਆਵਾਂਲੀ ਦੇ ਪੁੱਤਰ 'ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਉਨ੍ਹਾਂ ਦਾ ਹਾਲ ਜਾਨਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਠਿੰਡਾ ਦੇ ਮੈਕਸ ਹਸਪਤਾਲ ਪਹੁੰਚੇ ਜਿਥੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਪੰਜਾਬ ਦੀ ਬਿਗੜ ਰਹੀ ਕਾਨੂੰਨ ਵਿਵਸਥਾ 'ਤੇ ਸਰਕਾਰ ਤੇ ਪੁਲਸ ਨੂੰ ਘੇਰਿਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਐੱਸ. ਜੀ. ਪੀ. ਸੀ. ਮੈਂਬਰ ਦੇ ਪੁੱਤਰ ਪਰਮਿੰਦਰ ਸਿੰਘ ਮਲੋਟ ਤੋਂ ਅਕਾਲੀ ਦਲ ਦੇ ਪ੍ਰਧਾਨ ਹਨ, ਉਨ੍ਹਾਂ 'ਤੇ ਕੁਝ ਕਾਂਗਰਸੀ ਵਰਕਰਾਂ ਨੇ ਜਾਨਲੇਵਾ ਹਮਲਾ ਕੀਤਾ, ਜਿਸ ਦੀ ਉਹ ਨਿੰਦਾ ਕਰਦੇ ਹਨ।
ਉਨ੍ਹਾਂ ਕਿਹਾ ਕਿ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਐੱਸ. ਜੀ. ਪੀ. ਸੀ. ਮੈਂਬਰ ਨੂੰ ਸਿਕਊਰਿਟੀ ਦੇਣ ਦੀ ਮੰਗ ਕੀਤੀ ਗਈ ਸੀ, ਜੋ ਕਿ ਸਰਕਾਰ ਨੇ ਨਹੀਂ ਮੰਨੀ ਤੇ ਪਰਮਿੰਦਰ 'ਤੇ ਜਦੋਂ ਹਮਲਾ ਹੋਇਆ ਤਾਂ ਉਸ ਕੋਲ ਜਿਹੜੇ ਦੋ ਗਨਮੈਨ ਸਨ ਉਹ ਵੀ ਛੁੱਟੀ 'ਤੇ ਸਨ। ਹਮਲੇ ਦੌਰਾਨ ਦੋਸ਼ੀਆਂ ਵਲੋਂ ਕਤਲ ਕਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਗਈਆਂ ਸਨ ਪਰ ਗਨੀਮਤ ਇਹ ਰਹੀ ਕਿ ਹਮਲੇ 'ਚ ਪਰਮਿੰਦਰ ਦੀ ਜਾਨ ਵਾਲ-ਵਾਲ ਬਚ ਗਈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਸੰਬੰਧੀ ਐੱਸ. ਐੱਸ. ਪੀ. ਨੂੰ ਮਿਲਣਗੇ ਤੇ ਉਨ੍ਹਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਵਾਉਣਗੇ, ਜਿਨ੍ਹਾਂ ਨੇ ਪਰਮਿੰਦਰ ਸਿੰਘ 'ਤੇ ਜਾਨਲੇਵਾ ਹਮਲਾ ਕੀਤਾ।


Related News