ਸਾਬਕਾ ਕੌਂਸਲਰ ਬਾਲੀ ਦਾ ਪੁੱਤਰ ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ
Sunday, Apr 08, 2018 - 10:40 AM (IST)
ਜਲੰਧਰ (ਰਮਨ)— ਫੋਕਲ ਪੁਆਇੰਟ ਚੌਕੀ ਪੁਲਸ ਨੇ ਸਾਬਕਾ ਕੌਂਸਲਰ ਬਾਲ ਕਿਸ਼ਨ ਬਾਲੀ ਦੇ ਪੁੱਤਰ ਨੂੰ ਸੋਢਲ ਏਰੀਆ ਜੇ. ਐੱਮ. ਪੀ. ਚੌਕ ਕੋਲ ਨਸ਼ੇ ਵਾਲੇ ਟੀਕੇ ਅਤੇ ਗੋਲੀਆਂ ਦੀ ਸਪਲਾਈ ਦੇਣ ਜਾਂਦੇ ਸਮੇਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ, ਜਿਸ ਤੋਂ ਪੁਲਸ ਨੇ 130 ਨਸ਼ੇ ਵਾਲੀਆਂ ਗੋਲੀਆਂ ਅਤੇ 48 ਨਸ਼ੇ ਵਾਲੇ ਕੈਪਸੂਲ ਬਰਾਮਦ ਕੀਤੇ ਹਨ।
ਚੌਕੀ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਜੇ. ਐੱਮ. ਪੀ. ਚੌਕ ਕੋਲ ਮੌਜੂਦ ਸਨ। ਇਸੇ ਦੌਰਾਨ ਇਕ ਨਸ਼ੇੜੀ ਕਿਸਮ ਦਾ ਨੌਜਵਾਨ ਨਸ਼ੇ 'ਚ ਤੇਜ਼ ਰਫਤਾਰ ਵਾਹਨ 'ਤੇ ਜਾ ਰਿਹਾ ਸੀ, ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਭੱਜਣ ਲੱਗਾ ਅਤੇ ਮੌਕੇ 'ਤੇ ਮੌਜੂਦ ਪੁਲਸ ਨੇ ਉਸ ਨੂੰ ਫੜ ਲਿਆ। ਤਲਾਸ਼ੀ ਦੌਰਾਨ ਉਸ ਦੇ ਹੱਥ 'ਚੋਂ ਲਿਫਾਫਾ ਮਿਲਿਆ, ਜਿਸ 'ਚੋਂ 130 ਨਸ਼ੇ ਵਾਲੀਆਂ ਗੋਲੀਆਂ ਅਤੇ 48 ਨਸ਼ੇ ਵਾਲੇ ਕੈਪਸੂਲ ਬਰਾਮਦ ਹੋਏ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਂ ਅਭੈ ਦੇਵਗਨ ਪੁੱਤਰ ਬਾਲ ਕਿਸ਼ਨ ਬਾਲੀ ਨਿਵਾਸੀ ਕਿਸ਼ਨਪੁਰਾ ਦੱਸਿਆ। ਗ੍ਰਿਫਤਾਰ ਨੌਜਵਾਨ ਨੇ ਦੱਸਿਆ ਕਿ ਉਹ ਨਸ਼ੇ ਦਾ ਆਦੀ ਹੈ ਅਤੇ ਉਹ ਇਕ ਸਮੇਂ 'ਚ 7 ਨਸ਼ੇ ਵਾਲੀਆਂ ਗੋਲੀਆਂ ਅਤੇ ਕੈਪਸੂਲ ਖਾਂਦਾ ਹੈ, ਨਾਲ ਹੀ ਉਹ ਨਸ਼ੇ ਵਾਲੀਆਂ ਦਵਾਈਆਂ ਵੇਚਦਾ ਹੈ। ਉਹ ਸੋਢਲ ਵੱਲ ਨਸ਼ੇ ਵਾਲੀਆਂ ਦਵਾਈਆਂ ਖਰੀਦ ਕੇ ਵੇਚਣ ਲਈ ਜਾ ਰਿਹਾ ਸੀ। ਪੁਲਸ ਨੇ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਪੁਲਸ ਨੇ ਦੱਸਿਆ ਕਿ ਫੜਿਆ ਗਿਆ ਅਭੈ ਦੇਵਗਨ ਜੋ ਮੁਲਜ਼ਮ ਕਿਸਮ ਦਾ ਵਿਅਕਤੀ ਹੈ, ਉਸ ਖਿਲਾਫ ਪਹਿਲਾਂ ਵੀ ਸਨੈਚਿੰਗ ਦਾ ਮਾਮਲਾ ਦਰਜ ਹੈ, ਜਿਸ ਨੂੰ ਪਠਾਨਕੋਟ ਚੌਕ ਤੋਂ ਸਨੈਚਿੰਗ ਕਰਦਿਆਂ ਰੰਗੇ ਹੱਥੀਂ ਫੜਿਆ ਸੀ। ਜਿਥੇ ਉਹ ਆਪਣੇ ਪਿਤਾ ਬਾਲੀ ਸਾਬਕਾ ਕੌਂਸਲਰ ਦਾ ਰੋਹਬ ਪਾਉਣ ਲੱਗਾ ਸੀ ਤਾਂ ਗੁੱਸੇ ਵਿਚ ਆਏ ਲੋਕਾਂ ਨੇ ਸੜਕ ਵਿਚਕਾਰ ਜਮ ਕੇ ਉਸ ਦੀ ਕੁੱਟ-ਮਾਰ ਕੀਤੀ ਸੀ। ਮੌਕੇ 'ਤੇ ਪੁੱਜੀ ਪੁਲਸ ਨੇ ਲੋਕਾਂ ਦੀ ਭੀੜ ਤੋਂ ਉਸ ਨੂੰ ਬਚਾਇਆ ਸੀ। ਜ਼ਿਕਰਯੋਗ ਹੈ ਕਿ ਕਿਸੇ ਸਮੇਂ ਬਾਲੀ ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਕਾਫੀ ਕਰੀਬੀ ਰਹੇ ਸਨ। ਬੀਤੀਆਂ ਚੋਣਾਂ ਵਿਚ ਬਾਲੀ ਨੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ ਸੀ।
