‘ਅਕਾਲੀ ਦਲ ਦਾ ਪੱਲਾ ਫੜ੍ਹ ਸਕਦੇ ਹਨ ਸਾਬਕਾ ਕਾਂਗਰਸੀ ਵਿਧਾਇਕ ਅਸ਼ੋਕ ਸ਼ਰਮਾ’

Thursday, Jan 07, 2021 - 01:58 AM (IST)

‘ਅਕਾਲੀ ਦਲ ਦਾ ਪੱਲਾ ਫੜ੍ਹ ਸਕਦੇ ਹਨ ਸਾਬਕਾ ਕਾਂਗਰਸੀ ਵਿਧਾਇਕ ਅਸ਼ੋਕ ਸ਼ਰਮਾ’

ਪਠਾਨਕੋਟ(ਸ਼ਾਰਦਾ)- ਨਵਾਂ ਸਾਲ-2021 ਸ਼ੁਰੂ ਹੁੰਦੇ ਹੀ ਪੰਜਾਬ ’ਚ ਸਿਆਸੀ ਸ਼ਤਰੰਜ ਵਿਛਣੀ ਸ਼ੁਰੂ ਹੋ ਗਈ ਹੈ। ਫਰਵਰੀ ’ਚ ਹੋਣ ਵਾਲੀਆਂ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਚਾਹੇ ਰਾਜਨੀਤਿਕ ਪਾਰਟੀਆਂ ਸਰਗਰਮ ਹੋ ਗਈਆ ਹਨ ਪ੍ਰੰਤੂ ਅਸਲੀ ਤਿਆਰੀ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੈ, ਜਿਸ ਦੇ ਚਲਦਿਆਂ ਸਾਰੇ ਰਾਜਨੀਤਿਕ ਦਲਾਂ ਨੇ ਤਿਕਡ਼ਮਬਾਜ਼ੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ, ਕਿਸ ਸਥਾਨ ਤੋਂ ਕੋਣ ਚੋਣ ਲਡ਼ੇਗਾ, ਉਸ ਉੱਤੇ ਮੰਥਨ ਸ਼ੁਰੂ ਹੋ ਗਿਆ।

ਭਾਜਪਾ-ਅਕਾਲੀ ਦਾ ਗਠਜੋਡ਼ ਟੁੱਟ ਚੁੱਕਾ ਹੈ, ਜਿਸ ਤੋਂ ਬਾਅਦ ਭਾਜਪਾ ਪੰਜਾਬ ’ਚ 117 ਵਿਧਾਨ ਸਭਾ ਸੀਟਾਂ ’ਤੇ ਚੋਣਾਂ ਲੜਨ ਦਾ ਐਲਾਨ ਕਰ ਚੁੱਕੀ ਹੈ, ਜਦਕਿ ਅਕਾਲੀ ਦਲ ਨੇ ਉਨ੍ਹਾਂ 23 ਸੀਟਾਂ ’ਤੇ ਉਮੀਦਵਾਰ ਲੱਭਣੇ ਹਨ, ਜਿਥੇ ਭਾਜਪਾ ਚੋਣ ਲੜਦੀ ਸੀ। ਇਸ ’ਚ ਜ਼ਿਲ੍ਹਾ ਪਠਾਨਕੋਟ ਵੀ ਸ਼ਾਮਲ ਹੈ। ਪਠਾਨਕੋਟ ਦੇ ਤਿੰਨ ਵਿਧਾਨ ਸਭਾ ਹਲਕਿਆਂ ’ਚ ਭਾਜਪਾ ਚੋਣ ਲੜਦੀ ਆਈ ਹੈ, ਇਸ ਲਈ ਅਕਾਲੀ ਦਲ ਉਥੇ ਆਪਣਾ ਆਧਾਰ ਬਣਾਉਣਾ ਚਾਹੁੰਦੀ ਹੈ। ਇਸ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਠਾਨਕੋਟ ਤੋਂ ਸਾਬਕਾ ਵਿਧਾਇਕ ਰਹੇ ਅਸ਼ੋਕ ਸ਼ਰਮਾ ਨਾਲ ਤਾਲਮੇਲ ਵਧਾਉਣਾ ਸ਼ੁਰੂ ਕਰ ਦਿੱਤਾ ਹੈ।

ਐਡਵੋਕੇਟ ਅਸ਼ੋਕ ਸ਼ਰਮਾ ਕਾਂਗਰਸ ਦੇ ਵਿਧਾਇਕ ਬਣਨ ਤੋਂ ਪਹਿਲਾਂ ਵੀ ਅਕਾਲੀ ਦਲ ’ਚ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਆਪਣੇ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਅਕਾਲੀ ਦਲ ਤੋਂ ਹੀ ਕੀਤੀ ਸੀ। ਅਸ਼ੋਕ ਸ਼ਰਮਾ ਦਾ ਅਕਾਲੀ ਦਲ ਪ੍ਰਤੀ ਝੁਕਾਅ ਇਸ ਗੱਲ ਦਾ ਸਬੂਤ ਹੈ ਕਿ ਆਉਣ ਵਾਲੇ ਸਮੇਂ ’ਚ ਉਹ ਅਕਾਲੀ ਦਲ ਦਾ ਪੱਲਾ ਫਡ਼੍ਹ ਸਕਦੇ ਹਨ।

‘ਅਕਾਲੀ ਦਲ ਨੂੰ ਪਠਾਨਕੋਟ ’ਚ ਮਿਲੇਗਾ ਹਿੰਦੂ ਚਿਹਰਾ’

ਸਾਬਕਾ ਵਿਧਾਇਕ ਅਸ਼ੋਕ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਆਪਣਾ ਰਾਜਨੀਤਿਕ ਜੀਵਨ ਅਕਾਲੀ ਦਲ ਤੋਂ ਹੀ ਸ਼ੁਰੂ ਕੀਤਾ ਸੀ, ਉਹ ਅਕਾਲੀ ਦਲ ਦੇ ਬਜ਼ੁਰਗ ਨੇਤਾ ਪ੍ਰਕਾਸ਼ ਸਿੰਘ ਬਾਦਲ ਦਾ ਹਮੇਸ਼ਾ ਸਨਮਾਨ ਕਰਦੇ ਆਏ ਹਨ ਅਤੇ ਸੁਖਬੀਰ ਸਿੰਘ ਬਾਦਲ ਵੀ ਹਮੇਸ਼ਾ ਹਿੰਦੂ-ਸਿੱਖ ਭਾਈਚਾਰੇ ਨੂੰ ਮਜ਼ਬੂਤ ਕਰਨ ’ਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਉਨ੍ਹਾਂ ਦਾ ਝੁਕਾਅ ਅਕਾਲੀ ਦਲ ਵੱਲ ਹੀ ਹੈ। ਜੇਕਰ ਅਸ਼ੋਕ ਸ਼ਰਮਾ ਅਕਾਲੀ ਦਲ ’ਚ ਜਾਂਦੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਪਠਾਨਕੋਟ ਤੋਂ ਇਕ ਹਿੰਦੂ ਚਿਹਰਾ ਮਿਲ ਜਾਵੇਗਾ।


author

Bharat Thapa

Content Editor

Related News