CM ਮਾਨ ਦੇ ਬਿਆਨ ਮਗਰੋਂ ਸਾਬਕਾ ਮੁੱਖ ਮੰਤਰੀ ਚੰਨੀ ਨੇ ਵਿਦੇਸ਼ ਦੌਰਾ ਕੀਤਾ ਰੱਦ
Friday, Mar 10, 2023 - 09:42 AM (IST)
ਮੋਰਿੰਡਾ (ਅਰਨੌਲੀ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਗਰੀਬਾਂ ਦੀ ਵਿਰੋਧੀ ਸਰਕਾਰ ਬਣ ਚੁੱਕੀ ਹੈ, ਜਿਸ ਕਾਰਨ ਸਰਕਾਰ ਨੇ ਗਰੀਬ ਪਰਿਵਾਰਾਂ ਨੂੰ ਮਿਲਦੀ ਕਣਕ 'ਚ ਕਟੌਤੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਕੀਮ ਅਧੀਨ ਰਾਸ਼ਨ ਦਿੱਤਾ ਜਾਂਦਾ ਹੈ ਤੇ ਸੂਬਾ ਸਰਕਾਰ ਨੇ ਆਪਣੇ ਪੱਧਰ ’ਤੇ ਕੁਝ ਪੈਸੇ ਇਸ ਸਕੀਮ ਵਿਚ ਪਾਉਣੇ ਹੁੰਦੇ ਹਨ, ਜਦਕਿ ਪੰਜਾਬ ਸਰਕਾਰ ਨੇ ਇਸ ਤੋਂ ਕਿਨਾਰਾ ਕਰ ਲਿਆ ਹੈ, ਜਿਸ ਕਾਰਨ ਵੱਡੀ ਗਿਣਤੀ ਵਿਚ ਗਰੀਬ ਪਰਿਵਾਰ ਆਟਾ-ਦਾਲ ਸਕੀਮ ਅਧੀਨ ਮਿਲਦੀ ਕਣਕ ਤੋ ਵਾਂਝੇ ਹੋ ਗਏ ਹਨ।
ਚਰਨਜੀਤ ਸਿੰਘ ਚੰਨੀ ਮੋਰਿੰਡਾ ਸਥਿਤ ਆਪਣੀ ਰਿਹਾਇਸ਼ ਵਿਖੇ ਬਲਾਕ ਮੋਰਿੰਡਾ ਦੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਉਪਰੰਤ ਗੱਲਬਾਤ ਕਰ ਰਹੇ ਸਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਸਬੰਧੀ ਕੈਲੀਫਰੋਨੀਆ ਵਿਖੇ ਕੱਢੇ ਜਾ ਰਹੇ ਨਗਰ ਕੀਰਤਨ ਵਿਚ ਸ਼ਾਮਲ ਹੋਣ ਲਈ ਮੈਨੂੰ ਸੱਦਾ ਦਿੱਤਾ ਗਿਆ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਧਾਨ ਸਭਾ ਵਿਚ ਉਨ੍ਹਾਂ ਨੂੰ ਰੇਤ ਮਾਫ਼ੀਆ ਨਾਲ ਸਬੰਧਿਤ ਹੋਣ ਸਬੰਧੀ ਬਿਆਨ ਦਿੱਤਾ ਗਿਆ ਸੀ, ਇਸ ਲਈ ਮੈਂ ਵਿਦੇਸ਼ ਜਾਣ ਦਾ ਪ੍ਰੋਗਰਾਮ ਰੱਦ ਕਰਦਿਆਂ ਆਪਣੀ ਟਿਕਟ ਰੱਦ ਕਰਵਾ ਦਿੱਤੀ ਹੈ, ਤਾਂ ਜੋ ਭਗਵੰਤ ਮਾਨ ਇਹ ਨਾ ਕਹੇ ਕਿ ਚਰਨਜੀਤ ਸਿੰਘ ਚੰਨੀ ਡਰਦਾ ਵਿਦੇਸ਼ ਚਲਿਆ ਗਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ, ਬਲਾਕ ਅਤੇ ਜ਼ਿਲ੍ਹਾ ਪੱਧਰ ’ਤੇ ਬਲਾਕ ਕਾਂਗਰਸ ਅਤੇ ਯੂਥ ਕਾਂਗਰਸ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ, ਜਿਸ ਵਿਚ ਮਿਹਨਤੀ ਵਰਕਰਾਂ ਨੂੰ ਬਣਦੇ ਯੋਗ ਅਹੁਦੇ ਦਿੱਤੇ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ