ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਦਾ ਹੋਇਆ ਦੇਹਾਂਤ
Saturday, Apr 01, 2023 - 08:38 PM (IST)
ਫਗਵਾੜਾ (ਜਲੋਟਾ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਬਾਦਲ ਸਰਕਾਰ ’ਚ ਕੈਬਨਿਟ ਮੰਤਰੀ ਰਹੇ ਚੌਧਰੀ ਸਵਰਨਾ ਰਾਮ ਦਾ ਅੱਜ ਫਗਵਾੜਾ ਵਿਖੇ ਦੇਹਾਂਤ ਹੋ ਗਿਆ। ਇਸ ਨਾਲ ਫਗਵਾੜਾ ’ਚ ਭਾਰਤੀ ਜਨਤਾ ਪਾਰਟੀ ਦੇ ਇਕ ਪੁਰਾਣੇ ਸੁਨਹਿਰੀ ਯੁੱਗ ਦਾ ਅੰਤ ਹੋ ਗਿਆ, ਜਿਸ ’ਚ ਚੌਧਰੀ ਸਵਰਨਾ ਰਾਮ ਦਾ ਅਹਿਮ ਯੋਗਦਾਨ ਸੀ। ਚੌਧਰੀ ਸਵਰਨਾ ਰਾਮ ਭਾਜਪਾ ਦੇ ਉਨ੍ਹਾਂ ਮਜ਼ਬੂਤ ਸਿਆਸਤਦਾਨਾਂ ’ਚੋਂ ਇਕ ਸਨ, ਜਿਨ੍ਹਾਂ ਨੇ ਕਾਂਗਰਸ ਪਾਰਟੀ ਦਾ ਗੜ੍ਹ ਮੰਨੀ ਜਾਂਦੀ ਫਗਵਾੜਾ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਦਿਵਾਈ, ਜਦੋਂ ਕੋਈ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਸੀ।
ਇਹ ਖ਼ਬਰ ਵੀ ਪੜ੍ਹੋ : ਭਾਜਪਾ ਆਗੂ ਤਰੁਣ ਚੁੱਘ ਨੇ ‘ਆਪ’ ਮੰਤਰੀ ਖ਼ਿਲਾਫ਼ ਕਾਰਵਾਈ ਲਈ ਰਾਜਪਾਲ ਤੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ
ਚੌਧਰੀ ਸਵਰਨਾ ਰਾਮ ਦੀ ਮੌਤ ਤੋਂ ਬਾਅਦ ਭਾਰਤੀ ਜਨਤਾ ਪਾਰਟੀ ’ਚ ਸੋਗ ਦੀ ਡੂੰਘੀ ਲਹਿਰ ਫੈਲ ਗਈ ਹੈ। ਉਮਰ ਭਰ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਚੌਧਰੀ ਸਵਰਨਾ ਰਾਮ ਦੋ ਵਾਰ ਕੈਬਨਿਟ ਮੰਤਰੀ ਬਣੇ ਅਤੇ ਭਾਜਪਾ ਦੇ ਉਨ੍ਹਾਂ ਸਿਆਸਤਦਾਨਾਂ ਦੀ ਸ਼੍ਰੇਣੀ ’ਚ ਸ਼ਾਮਲ ਹੋ ਗਏ, ਜਿਨ੍ਹਾਂ ਦੀਆਂ ਗੱਲਾਂ ਨਵੀਂ ਦਿੱਲੀ ’ਚ ਭਾਜਪਾ ਹਾਈਕਮਾਂਡ ਤੱਕ ਸੁਣੀਆਂ ਗਈਆਂ। ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਹੋਏ ਗੱਠਜੋੜ ’ਚ ਚੌਧਰੀ ਸਵਰਨਾ ਰਾਮ ਦੀ ਅਹਿਮ ਭੂਮਿਕਾ ਰਹੀ । ਫਗਵਾੜਾ ਦੇ ਵਿਕਾਸ ਪ੍ਰਤੀ ਚੌਧਰੀ ਸਵਰਨਾ ਰਾਮ ਨੇ ਕਈ ਅਹਿਮ ਪ੍ਰੋਜੈਕਟ ਬਾਦਲ ਸਰਕਾਰ ’ਚ ਪੂਰੇ ਕਰਵਾ ਕੇ ਇਲਾਕੇ ਦੇ ਵਿਕਾਸ ’ਚ ਵੱਡਾ ਯੋਗਦਾਨ ਪਾਇਆ। ਚੌਧਰੀ ਸਵਰਨਾ ਰਾਮ ਦੇ ਦੇਹਾਂਤ ’ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ, ਭਾਜਪਾ ਦੇ ਸਾਬਕਾ ਪ੍ਰਧਾਨ ਤੇਜਸਵੀ ਭਾਰਦਵਾਜ, ਸਾਬਕਾ ਮੰਡਲ ਭਾਜਪਾ ਪ੍ਰਧਾਨ ਪੰਕਜ ਚਾਵਲਾ ਸਮੇਤ ਕਈ ਭਾਜਪਾ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਦੁਖੀ ਚੌਧਰੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।