ਸਾਬਕਾ ਅਕਾਲੀ ਵਿਧਾਇਕ, ਅਕਾਲੀ ਮੇਅਰ ਤੇ ਕੌਂਸਲਰਾਂ ਨੇ ਮੰਗੀ ਭੀਖ

06/16/2018 7:19:45 PM

ਬਠਿੰਡਾ (ਬਲਵਿੰਦਰ) : ਵਿੱਤ ਮੰਤਰੀ ਮਨਪ੍ਰੀਤ ਬਾਦਲ 'ਤੇ ਵਿਕਾਸ ਕਾਰਜਾਂ ਦੇ ਫੰਡ ਰੋਕਣ ਦੇ ਦੋਸ਼ ਲਗਾਉਂਦਿਆਂ ਸ਼ਨੀਵਾਰ ਨੂੰ ਅਕਾਲੀਆਂ ਵਲੋਂ ਨਗਰ-ਨਿਗਮ ਲਈ ਭੀਖ ਮੰਗੀ ਗਈ ਅਤੇ ਰੋਸ ਮਾਰਚ ਕਰਦੇ ਹੋਏ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ। ਅਕਾਲੀ ਮੇਅਰ ਬਲਵੰਤ ਰਾਏ ਨਾਥ ਨੇ ਦੱਸਿਆ ਕਿ ਬੀਤੇ ਦਿਨੀਂ ਕੌਂਸਲਰਾਂ ਅਤੇ ਅਧਿਕਾਰੀਆਂ ਦੀ ਮੀਟਿੰਗ ਸੀ, ਜਿਸ ਵਿਚ ਵਿਕਾਸ ਕਾਰਜਾਂ ਬਾਰੇ ਚਰਚਾ ਕੀਤੀ ਗਈ। ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਸਰਕਾਰ ਦਾ ਸੁਨੇਹਾ ਦਿੱਤਾ ਕਿ ਜੇਕਰ ਨਗਰ ਨਿਗਮ ਬਠਿੰਡਾ ਸ਼ਹਿਰ ਦੇ ਵਿਕਾਸ ਕਾਰਜ ਕਰਨਾ ਚਾਹੁੰਦੀ ਹੈ ਤਾਂ ਪਹਿਲਾਂ ਵੱਖ-ਵੱਖ ਵਸੀਲਿਆਂ ਤੋਂ ਲੋੜੀਂਦੇ ਫੰਡ ਇਕੱਤਰ ਕੀਤੇ ਜਾਣ ਕਿਉਂਕਿ ਸਰਕਾਰ ਵਿਕਾਸ ਕਾਰਜਾਂ ਲਈ ਕਿਸੇ ਵੀ ਤਰ੍ਹਾਂ ਦੇ ਫੰਡ ਨਹੀਂ ਦੇਵੇਗੀ। 
ਮੇਅਰ ਨੇ ਦੱਸਿਆ ਕਿ ਪਿਛਲੀ ਸਰਕਾਰ ਨੇ ਵਿਕਾਸ ਕਾਰਜਾਂ ਲਈ 68 ਕਰੋੜ ਰੁਪਏ ਮਨਜ਼ੂਰ ਕੀਤੇ ਸਨ, ਜਿਸ ਵਿਚੋਂ 51 ਕਰੋੜ ਰੁਪਏ ਵਿਕਾਸ ਕਾਰਜਾਂ 'ਤੇ ਖਰਚ ਵੀ ਕੀਤੇ ਗਏ। ਰਹਿੰਦੇ ਕੰਮਾਂ ਲਈ ਐਸਟੀਮੇਟ ਵੀ ਤਿਆਰ ਕੀਤੇ ਗਏ, ਜਿਸ ਵਿਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਹਾਮੀ ਵੀ ਲਈ ਗਈ ਸੀ। ਹੁਣ ਐਨ ਵਕਤ 'ਤੇ ਸਰਕਾਰ ਵਲੋਂ ਫਰਮਾਨ ਆ ਗਿਆ ਕਿ ਫੰਡ ਨਹੀਂ ਦਿੱਤੇ ਜਾ ਰਹੇ। ਪੰਜਾਬ 'ਚ ਹੋਰ ਕਿਸੇ ਵੀ ਨਗਰ ਨਿਗਮ ਜਾਂ ਨਗਰ ਕੌਂਸਲ ਦੇ ਫੰਡ ਨਹੀਂ ਰੋਕੇ ਗਏ ਪਰ ਬਠਿੰਡਾ ਨਗਰ ਨਿਗਮ ਦੇ ਫੰਡ ਰੋਕੇ ਗਏ ਹਨ ਕਿਉਂਕਿ ਇਥੇ ਅਕਾਲੀ ਦਲ ਕਾਬਜ਼ ਹੈ। ਇਹ ਸਭ ਕੁਝ ਵਿੱਤ ਮੰਤਰੀ ਦੇ ਇਸ਼ਾਰੇ 'ਤੇ ਹੋ ਰਿਹਾ ਹੈ। 
ਮੇਅਰ ਨੇ ਕਿਹਾ ਕਿ ਰੋਸ ਵਜੋਂ ਹੀ ਅੱਜ ਅਕਾਲੀ-ਭਾਜਪਾ ਨੇ ਆਪਣੀ ਸਥਿਤੀ ਸਪੱਸ਼ਟ ਕੀਤੀ ਹੈ ਕਿ ਉਹ ਵਿਕਾਸ ਕਾਰਜ ਕਰਨ ਲਈ ਤਿਆਰ ਹਨ ਪਰ ਵਿੱਤ ਮੰਤਰੀ ਨੇ ਫੰਡ ਰੋਕ ਦਿੱਤੇ ਹਨ। ਜਿਸਦੇ ਚਲਦਿਆਂ ਅੱਜ ਸ਼ਹਿਰ ਵਾਸੀਆਂ ਤੋਂ ਸ਼ਹਿਰ ਦੇ ਵਿਕਾਸ ਖਾਤਰ ਭੀਖ ਮੰਗੀ ਗਈ। ਇਸ ਦੌਰਾਨ ਅਕਾਲੀਆਂ ਵਲੋਂ ਬਾਜ਼ਾਰਾਂ 'ਚ ਰੋਸ ਮਾਰਚ ਵੀ ਕੀਤਾ ਗਿਆ ਤੇ ਧਰਨਾ ਮਾਰ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ, ਸ਼ਹਿਰੀ ਪ੍ਰਧਾਨ ਸੁਧੀਰ ਬਾਂਸਲ, ਕੌਂਸਲਰ ਨਿਰਮਲ ਸਿੰਘ ਸੰਧੂ, ਰਾਜੂ ਸਰਾਂ, ਹੋਰ ਅਕਾਲੀ ਕੌਂਸਲਰ ਮੌਜੂਦ ਸਨ।
ਅਕਾਲੀਆਂ ਨੇ ਭਾਜਪਾ ਨੂੰ ਫਿਰ ਖੂੰਜੇ ਲਾਇਆ
ਸਿਆਸਤ ਵਜੋਂ ਅੱਜ ਦਾ ਪ੍ਰੋਗਰਾਮ ਕਾਫੀ ਅਹਿਮ ਸੀ ਪਰ ਅਕਾਲੀਆਂ ਨੇ ਹਮੇਸ਼ਾਂ ਵਾਂਗ ਭਾਜਪਾ ਆਗੂਆਂ 'ਤੇ ਵਰਕਰਾਂ ਨੂੰ ਖੂੰਜੇ ਲਗਾ ਕੇ ਰੱਖਿਆ। ਅਕਾਲੀ ਦਲ ਵਲੋਂ ਦੋ ਦਿਨ ਪਹਿਲਾਂ ਇਸ ਪ੍ਰੋਗਰਾਮ ਦਾ ਸਲਾਹ ਮਸ਼ਵਰਾ ਕੀਤਾ ਗਿਆ ਪਰ ਗਠਜੋੜ ਪਾਰਟੀ ਭਾਜਪਾ ਨੂੰ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਸੱਦਾ ਨਹੀਂ ਭੇਜਿਆ ਗਿਆ। ਸੱਦਾ ਨਾ ਮਿਲਣ ਸਦਕਾ ਅੱਜ ਭਾਜਪਾ ਦੇ ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ, ਡਿਪਟੀ ਮੇਅਰ ਗੁਰਿੰਦਰਪਾਲ ਕੌਰ ਮਾਂਗਟ ਆਦਿ ਭਾਜਪਾ ਆਗੂ ਜਾਂ ਕੌਂਸਲਰ ਰੋਸ ਪ੍ਰਦਰਸ਼ਨ 'ਚ ਨਜ਼ਰ ਨਹੀਂ ਆਏ। ਜਿਹੜੇ ਦੋ-ਤਿੰਨ ਭਾਜਪਾ ਕੌਂਸਲਰ ਇਥੇ ਪਹੁੰਚੇ, ਉਨ੍ਹਾਂ ਦੀ ਵੀ ਆਪਣੀ ਪਾਰਟੀ 'ਚ ਕਿਰਕਿਰੀ ਹੀ ਹੋਈ। ਅਕਾਲੀ ਮੇਅਰ ਦਾ ਕਹਿਣਾ ਸੀ ਕਿ ਭਾਜਪਾ ਆਗੂਆਂ ਨੂੰ ਸੱਦਿਆ ਗਿਆ ਸੀ। ਭਾਜਪਾ ਅਕਾਲੀ ਦਲ ਤੋਂ ਅਲੱਗ ਨਹੀਂ, ਕੁਝ ਕੌਂਸਲਰ ਆਏ ਸਨ, ਬਾਕੀਆਂ ਨੂੰ ਸ਼ਾਇਦ ਕੋਈ ਕੰਮ ਹੋਵੇ, ਇਸ ਲਈ ਨਹੀਂ ਆ ਸਕੇ। ਇਸ ਸੰਬੰਧੀ ਤਰਸੇਮ ਗੋਇਲ ਦਾ ਕਹਿਣਾ ਸੀ ਕਿ ਅਕਾਲੀ ਦਲ ਨੇ ਉਨ੍ਹਾਂ ਨੂੰ ਪ੍ਰਦਰਸ਼ਨ 'ਚ ਸੱਦਾ ਦੇਣ ਦੀ ਜ਼ਰੂਰਤ ਹੀ ਨਹੀਂ ਸਮਝੀ। ਬਿਨਾਂ ਬੁਲਾਏ ਜਾਣਾ ਉਨ੍ਹਾਂ ਨੂੰ ਚੰਗਾ ਨਹੀਂ ਲੱਗਿਆ।


Related News