ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਉਰਦੂ ਨੂੰ ਵਿਦੇਸ਼ੀ ਭਾਸ਼ਾਵਾਂ ''ਚ ਸ਼ਾਮਲ ਕਰਨ ਦੀ ਤਿਆਰੀ

Wednesday, Oct 02, 2019 - 04:09 PM (IST)

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਉਰਦੂ ਨੂੰ ਵਿਦੇਸ਼ੀ ਭਾਸ਼ਾਵਾਂ ''ਚ ਸ਼ਾਮਲ ਕਰਨ ਦੀ ਤਿਆਰੀ

ਮਾਲੇਰਕੋਟਲਾ (ਮਹਿਬੂਬ) : ਮੁਲਕ ਦੀਆਂ 22 ਅਧਿਕਾਰਤ ਭਾਸ਼ਾਵਾਂ 'ਚ ਸ਼ਾਮਲ ਹੋਣ ਦੇ ਬਾਵਜੂਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਫਰੈਂਚ, ਜਰਮਨ, ਰੂਸੀ, ਤਿਬਤੀ ਅਤੇ ਚੀਨੀ ਆਦਿ ਭਾਸ਼ਾਵਾਂ ਦੇ ਨਾਲ ਮਿਲਾ ਕੇ ਉਰਦੂ ਨੂੰ ਵੀ ਇਕ ਵਿਦੇਸ਼ੀ ਭਾਸ਼ਾ ਐਲਾਨਣ ਦੀ ਯੋਜਨਾਬੰਦੀ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਦੀ ਇਸ ਮਨਸੂਬਾਬੰਦੀ ਤੋਂ ਡਾਢੇ ਚਿੰਤਤ ਉਰਦੂ ਲੇਖਕਾਂ, ਸਾਹਿਤਕਾਰਾਂ ਅਤੇ ਵਿਦਵਾਨਾਂ ਨੇ ਇਸ ਕਾਰਵਾਈ ਨੂੰ ਉਰਦੂ ਭਾਸ਼ਾ ਦੇ ਇਤਿਹਾਸ ਅਤੇ ਪਛਾਣ ਲਈ ਖਤਰੇ ਦੀ ਘੰਟੀ ਦੱਸਦਿਆਂ ਉਰਦੂ ਪ੍ਰੇਮੀਆਂ ਨੂੰ ਉਰਦੂ ਜ਼ੁਬਾਨ ਦੀ ਸੁਰੱਖਿਆ ਲਈ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ।

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਦੇ ਇਸ ਮਨਸੂਬੇ ਦਾ ਵਿਰੋਧ ਕਰਦਿਆਂ ਯੂਨੀਵਰਸਿਟੀ ਦੇ ਉਰਦੂ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਅਤੇ ਅਧਿਆਪਕਾਂ ਨੇ ਯੂਨੀਵਰਸਿਟੀ ਦੇ ਡੀਨ ਅਤੇ ਕਮੇਟੀ ਦੇ ਚੇਅਰਪਰਸਨ ਪ੍ਰੋ. ਸੰਕਰਜੀ ਝਾਅ ਨੂੰ ਇਕ ਪੱਤਰ ਲਿਖ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਉਰਦੂ ਸਾਡੀ ਆਪਣੀ ਭਾਸ਼ਾ ਹੈ ਅਤੇ ਇਸ ਨੂੰ ਸਿਰਫ ਇਸੇ ਕਾਰਨ ਵਿਦੇਸ਼ੀ ਭਾਸ਼ਾਵਾਂ ਨਾਲ ਨਹੀਂ ਰਲਾਇਆ ਜਾ ਸਕਦਾ ਕਿ ਇਹ ਭਾਸ਼ਾ ਕਿਸੇ ਹੋਰ ਦੇਸ਼ 'ਚ ਵੀ ਬੋਲੀ ਜਾਂਦੀ ਹੈ। ਸ਼ਹੀਦ ਏ ਆਜ਼ਮ ਭਗਤ ਸਿੰਘ ਦੀਆਂ ਚਿੱਠੀਆਂ ਅਤੇ ਸ਼ਹੀਦ ਰਾਮ ਪ੍ਰਸਾਦ ਬਿਸਮਿਲ ਵੱਲੋਂ ਲਿਖੇ 'ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ..', ਵਰਗੇ ਮਹਾਨ ਤਰਾਨੇ ਸਭ ਉਰਦੂ ਜ਼ੁਬਾਨ 'ਚ ਹਨ। ਸਾਬਕਾ ਏ. ਡੀ. ਪੀ. ਆਈ. ਕਾਲਜਾਂ ਅਤੇ ਪੰਜਾਬੀ, ਉਰਦੂ ਅਤੇ ਫਾਰਸੀ ਦੇ ਪ੍ਰਸਿੱਧ ਵਿਦਵਾਨ ਅਤੇ ਸ਼ਾਇਰ ਪ੍ਰੋ. ਡਾ. ਮੁਹੰਮਦ ਰਫੀ ਨੇ ਪੰਜਾਬ ਨੂੰ ਉਰਦੂ ਜ਼ੁਬਾਨ ਦਾ ਪਰਚਸਮਾ (ਪੰਘੂੜਾ) ਦੱਸਦਿਆਂ ਪੰਜਾਬ ਯੂਨੀਵਰਸਿਟੀ ਦੇ ਫੈਸਲੇ ਨੂੰ ਪੰਜਾਬ ਦੇ ਮਾਣਮੱਤੇ ਇਤਿਹਾਸ ਨਾਲ ਛੇੜ-ਛਾੜ ਕਰਨ ਦੀ ਡੂੰਘੀ ਤੇ ਸਾਜ਼ਿਸ਼ਾਨਾ ਮਨਸੂਬਾਬੰਦੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਰਦੂ ਕਿਸੇ ਵਿਸ਼ੇਸ਼ ਧਰਮ ਜਾਂ ਖਿੱਤੇ ਦੀ ਜ਼ੁਬਾਨ ਨਹੀਂ ਹੈ ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ 70 ਫੀਸਦੀ ਸ਼ਬਦ ਉਰਦੂ ਜਾਂ ਫਾਰਸੀ ਭਾਸ਼ਾ ਦੇ ਹਨ।

ਡਾ. ਰਫੀ ਮੁਤਾਬਕ ਸਾਨੂੰ ਪੰਜਾਬੀਆਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਚਾਰੇ ਵੇਦ, ਉਪਨਿਸ਼ਦ ਤੇ ਵੱਖ-ਵੱਖ ਧਰਮਾਂ ਨਾਲ ਸਬੰਧਤ ਗਿਆਨ ਦੇ ਸਰੋਤ ਮਹਾਨ ਗ੍ਰੰਥਾਂ ਦੀ ਸਿਰਜਣਾ, ਉਰਦੂ ਅਤੇ ਗੁਰਮੁਖੀ ਦਾ ਜਨਮ ਪੰਜਾਬ ਦੀ ਧਰਤੀ 'ਤੇ ਹੋਇਆ। ਇਤਿਹਾਸਕਾਰ ਜਨਾਬ ਨੂਰ ਮੁਹੰਮਦ ਨੂਰ ਅਤੇ ਜਨਾਬ ਸਾਜ਼ਿਦ ਇਸ਼ਹਾਕ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਤੇ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਨੂੰ ਅਪੀਲ ਕੀਤੀ ਹੈ ਕਿ ਉਹ ਅਦਬ ਅਤੇ ਤਹਿਜ਼ੀਬ ਦੀ ਮਿੱਠੀ ਜ਼ੁਬਾਨ ਉਰਦੂ ਦੀ ਪੰਜਾਬ 'ਚ ਹੋਂਦ ਨੂੰ ਬਚਾਉਣ ਲਈ ਅਗਵਾਈ ਕਰਨ।
 


author

Anuradha

Content Editor

Related News