ਸਰਕਾਰ ਦੀ ਫ਼ਸਲੀ ਵਿਭਿੰਨਤਾ ਲਹਿਰ ਨੂੰ ਜ਼ਬਰਦਸਤ ਝਟਕਾ

Wednesday, Jul 05, 2017 - 01:41 PM (IST)

ਸਰਕਾਰ ਦੀ ਫ਼ਸਲੀ ਵਿਭਿੰਨਤਾ ਲਹਿਰ ਨੂੰ ਜ਼ਬਰਦਸਤ ਝਟਕਾ


ਫਰੀਦਕੋਟ(ਹਾਲੀ)-ਪੰਜਾਬ ਅਤੇ ਦੇਸ਼ 'ਚ ਇਕਸਾਰ ਟੈਕਸ ਪ੍ਰਣਾਲੀ ਜੀ. ਐੱਸ. ਟੀ. ਲਾਗੂ ਹੋਣ ਨਾਲ ਖੇਤੀ ਵਰਤੋਂ ਵਾਲੀਆਂ ਵਸਤੂਆਂ 'ਤੇ ਲੱਗੇ ਟੈਕਸ 'ਚ ਵਾਧਾ ਹੋਣ ਕਾਰਨ ਕਿਸਾਨ ਆਪਣੀਆਂ ਫ਼ਸਲਾਂ 'ਤੇ ਖਰਚ ਵਧਣ ਦੀਆਂ ਸੰਭਾਵਨਾਵਾਂ ਲਗਾ ਰਹੇ ਹਨ। ਇਸੇ ਕਾਰਨ ਉਨ੍ਹਾਂ ਨੇ ਆਪਣੇ ਖੇਤਾਂ 'ਚ ਖੜ੍ਹਾ ਇਕ ਫ਼ੁੱਟ ਤੋਂ ਉੱਪਰ ਕੱਦ ਕਰ ਚੁੱਕਾ ਨਰਮਾ ਵਾਹੁਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤ ਪਿੰਡ ਕਿਲਾ ਨੌ ਦੇ ਦੋ ਕਿਸਾਨਾਂ ਇਕਬਾਲ ਸਿੰਘ ਅਤੇ ਭੋਲਾ ਸਿੰਘ ਨੇ ਆਪਣਾ 4-4 ਏਕੜ ਨਰਮਾ ਵਾਹ ਕੇ ਕੀਤੀ ਹੈ।
ਕਿਸਾਨਾਂ ਦੇ ਦੱਸਣ ਅਨੁਸਾਰ ਨਵੀਂ ਲਾਗੂ ਹੋਈ ਟੈਕਸ ਪ੍ਰਣਾਲੀ ਕਾਰਨ ਸਪਰੇਆਂ ਅਤੇ ਖਾਦਾਂ ਉੱਪਰ ਟੈਕਸ 15 ਫ਼ੀਸਦੀ ਹੋ ਗਿਆ ਹੈ, ਜਿਸ ਕਰਕੇ ਨਰਮੇ ਦੀ ਫ਼ਸਲ 'ਤੇ ਹੋਣ ਵਾਲਾ ਖਰਚਾ ਪੈਦਾਵਾਰ ਦੇ ਮੁਕਾਬਲੇ ਵੱਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਰਮਾ ਬੀਜਣ ਤੋਂ ਲੈ ਕੇ  ਉਸ ਦੀ ਚੁਗਾਈ ਹੋਣ ਤੱਕ 8 ਤੋਂ 9 ਸਪਰੇਆਂ ਕਰਨੀਆਂ ਪੈਂਦੀਆਂ ਹਨ। ਇਸ ਤੋਂ ਇਲਾਵਾ ਗੋਡੀ, ਖਾਦ ਅਤੇ ਬੀਜ ਦਾ ਖਰਚਾ ਪਾ ਕੇ ਕਿਸਾਨਾਂ ਨੂੰ ਪ੍ਰਤੀ ਏਕੜ 15 ਤੋਂ 20 ਹਜ਼ਾਰ ਰੁਪਏ ਖਰਚ ਕਰਨੇ ਪੈਣਗੇ, ਜਦਕਿ ਇਸ 'ਚੋਂ ਪੈਦਾਵਾਰ 3 ਤੋਂ 4 ਕੁਇੰਟਲ ਪ੍ਰਤੀ ਏਕੜ ਦੇ ਵਿਚਕਾਰ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਨਰਮੇ ਦਾ ਭਾਅ ਕਦੇ 4000 ਰੁਪਏ ਪ੍ਰਤੀ ਕੁਇੰਟਲ ਤੋਂ ਨਹੀਂ ਵਧਿਆ। ਇਸ ਲਈ ਆਪਣਾ ਨਰਮਾ ਵਾਹ ਦਿੱਤਾ ਹੈ ਕਿਉਂਕਿ ਅਸਲ ਸਪੇਰਆਂ ਦਾ ਖਰਚਾ ਅਜੇ ਸ਼ੁਰੂ ਹੋਣਾ ਸੀ, ਫ਼ਿਲਹਾਲ ਉਨ੍ਹਾਂ ਦਾ 3 ਹਜ਼ਾਰ ਰੁਪਏ ਪ੍ਰਤੀ ਏਕੜ ਹੀ ਖਰਚਾ ਹੋਇਆ ਸੀ। ਕਿਸਾਨਾਂ ਨੇ ਦੱਸਿਆ ਕਿ ਵਾਹੇ ਗਏ ਨਰਮੇ ਦੀ ਉਮਰ ਇਕ ਮਹੀਨੇ ਤੋਂ ਵੱਧ ਅਤੇ ਕੱਦ 1 ਫ਼ੁੱਟ ਤੋਂ ਉੱਪਰ ਹੋ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਹੁਣ ਇਸ ਜਗ੍ਹਾ 'ਤੇ ਉਹ ਝੋਨਾ ਲਗਾ ਰਹੇ ਹਨ, ਜੋ ਕਿ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਵੇਗਾ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਖੇਤੀਬਾੜੀ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਮੰਨ ਕੇ ਕਣਕ ਅਤੇ ਝੋਨੇ ਦਾ ਫ਼ਸਲੀ ਚੱਕਰ ਛੱਡ ਕੇ ਖੇਤੀਬਾੜੀ ਵਿਭਿੰਨਤਾ ਵਿਚ ਪੈਰ ਰੱਖਦਿਆਂ ਨਰਮੇ ਦੀ ਬੀਜਾਈ ਕੀਤੀ ਸੀ ਪਰ ਸਰਕਾਰ ਨੇ ਉਨ੍ਹਾਂ ਨੂੰ ਟੈਕਸ ਵਧਾ ਕੇ ਝਟਕਾ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਵਾਹੇ ਗਏ ਨਰਮੇ ਨੂੰ ਦੇਖ ਦੇ ਹੋਰ ਕਿਸਾਨ ਆਪਣਾ ਨਰਮਾ ਵਹਾਉਣ ਦੇ ਰੌਂਅ 'ਚ ਹਨ।
ਕੀ ਕਹਿੰਦੇ ਹਨ ਅਧਿਕਾਰੀ
ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਦੋਵਾਂ ਕਿਸਾਨਾਂ ਦੇ ਖੇਤ ਵਿਚ ਨਦੀਨ ਜ਼ਿਆਦਾ ਸਨ ਅਤੇ ਬਾਰਿਸ਼ ਕਾਰਨ ਪਾਣੀ ਵੀ ਖੜ੍ਹ ਗਿਆ ਸੀ, ਜਿਸ ਕਾਰਨ ਇਨ੍ਹਾਂ ਨੇ ਨਰਮੇ ਦੀ ਫ਼ਸਲ ਨੂੰ ਵਾਹ ਦਿੱਤਾ।


Related News