ਖਾਧ ਪਦਾਰਥਾਂ ਦੀ ਵਿਕਰੀ ਕਰਨ ਵਾਲੇ ਕਾਰੋਬਾਰਾਂ ਦੀ ਅੰਦਰੂਨੀ ਸਫਾਈ ਸੰਬੰਧੀ ਦਰਜਾਬੰਦੀ ਲਾਜ਼ਮੀ

09/04/2019 4:17:34 PM

ਲੁਧਿਆਣਾ (ਹਿਤੇਸ਼) : ਸੂਬਾ ਵਾਸੀਆਂ ਨੂੰ ਚੰਗੀ ਸਿਹਤ, ਸਾਫ਼ ਵਾਤਾਵਰਣ ਅਤੇ ਤੰਦਰੁਸਤ ਜੀਵਨ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਅਧੀਨ ਕੰਮ ਕਰ ਰਹੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਦੀ ਅਗਵਾਈ ਵਿੱਚ ਉਨ੍ਹਾਂ ਦੇ ਦਫ਼ਤਰ ਵਿਖੇ ਮੀਟਿੰਗ ਹੋਈ, ਜਿਸ ਵਿੱਚ ਦੱਸਿਆ ਗਿਆ ਕਿ ਹੁਣ ਹੋਟਲ, ਢਾਬਿਆਂ ਅਤੇ ਖਾਧ ਪਦਾਰਥਾਂ ਦੀ ਵਿਕਰੀ ਕਰਨ ਵਾਲੇ ਕਾਰੋਬਾਰਾਂ ਦੀ ਅੰਦਰੂਨੀ ਸਫਾਈ (ਹਾਈਜੀਨ) ਸੰਬੰਧੀ ਦਰਜਾਬੰਦੀ (ਰੇਟਿੰਗ) ਕਰਵਾਉਣੀ ਲਾਜ਼ਮੀ ਹੈ। ਇਸ ਸੰਬੰਧੀ ਜ਼ਿਲਾ ਸਿਹਤ ਅਫ਼ਸਰ ਡਾ. ਅੰਦੇਸ਼ ਕੌਰ ਕੰਗ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੁਣ ਉਕਤ ਕਾਰੋਬਾਰ ਸਥਾਨਾਂ ਨੂੰ ਆਪਣੀ ਅੰਦਰੂਨੀ ਸਫਾਈ ਸੰਬੰਧੀ ਰੇਟਿੰਗ ਕਰਾਉਣੀ ਲਾਜ਼ਮੀ ਕੀਤੀ ਗਈ ਹੈ।

ਹੁਣ ਤੱਕ ਜ਼ਿਲਾ ਲੁਧਿਆਣਾ ਦੇ 10 ਵੱਡੇ ਕਾਰੋਬਾਰੀਆਂ ਨੇ ਤਾਂ ਆਪਣੀ ਰੇਟਿੰਗ ਕਰਵਾ ਲਈ ਹੈ, ਜਦੋਂ ਕਿ ਬਾਕੀ ਕਾਰੋਬਾਰਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਇਹ ਰੇਟਿੰਗ ਕਰਵਾ ਲੈਣ। ਰੇਟਿੰਗ ਕਰਵਾਉਣ ਦੀ ਆਖ਼ਰੀ ਮਿਤੀ 31 ਅਕਤੂਬਰ, 2019 ਹੈ। ਇਸ ਸੰਬੰਧੀ ਕਾਰੋਬਾਰੀ ਸਿਹਤ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ ਜਾਂ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਨਿੱਜੀ ਏਜੰਸੀਆਂ ਤੋਂ ਵੀ ਇਹ ਰੇਟਿੰਗ ਕਰਵਾਈ ਜਾ ਸਕਦੀ ਹੈ। ਇਸੇ ਤਰ੍ਹਾਂ ਹਰੇਕ ਕਾਰੋਬਾਰੀ ਨੂੰ ਆਪਣੀ ਰਜਿਸਟਰੇਸ਼ਨ ਕਰਵਾ ਕੇ ਲਾਈਸੈਂਸ ਲੈਣਾ ਵੀ ਲਾਜ਼ਮੀ ਹੈ। ਇਸ ਸੰਬੰਧੀ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸਿਹਤ ਵਿਭਾਗ ਇਹ ਯਕੀਨੀ ਬਣਾਵੇ ਕਿ ਜੋ ਵੀ ਕਾਰੋਬਾਰੀ ਖਾਧ ਪਦਾਰਥਾਂ ਦਾ ਕਾਰੋਬਾਰ ਕਰਦੇ ਹਨ, ਉਨ•ਾਂ ਦੀ ਰੇਟਿੰਗ ਜ਼ਰੂਰ ਹੋਈ ਹੋਵੇ। ਜੋ ਨਹੀਂ ਕਰਵਾਉਂਦੇ ਉਨ੍ਹਾਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਆਰੰਭੀ ਜਾਵੇ।

ਉਨ੍ਹਾਂ ਕਿਹਾ ਕਿ ਜਿਹੜੀਆਂ ਕੰਪਨੀਆਂ ਆਨਲਾਈਨ ਖਾਣੇ ਦੇ ਆਰਡਰ ਲੈ ਕੇ ਲੋਕਾਂ ਦੇ ਘਰਾਂ ਤੱਕ ਖਾਣਾ ਮੁਹੱਈਆ ਕਰਵਾਉਂਦੀਆਂ ਹਨ, ਉਨ੍ਹਾਂ ਨੂੰ ਵੀ ਸਖ਼ਤ ਹਦਾਇਤ ਕੀਤੀ ਜਾਵੇ ਕਿ ਉਹ ਉਨ੍ਹਾਂ ਕਾਰੋਬਾਰੀਆਂ ਤੋਂ ਹੀ ਖਾਣਾ ਆਰਡਰ ਕਰਾਉਣ, ਜੋ ਉਕਤ ਰੇਟਿੰਗ ਪ੍ਰਾਪਤ ਹਨ। ਅਗਰਵਾਲ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਨਲਾਈਨ ਜਾਂ ਦਸਤੀ ਖਾਣਾ ਮੰਗਵਾਉਣ ਜਾਂ ਖਾਣ ਤੋਂ ਪਹਿਲਾਂ ਸੰਬੰਧਤ ਹੋਟਲ, ਰੈਸਟੋਰੈਂਟ ਜਾਂ ਦੁਕਾਨ ਦੀ ਸਫਾਈ ਸੰਬੰਧੀ ਰੇਟਿੰਗ ਜਾਣਨੀ ਜ਼ਰੂਰੀ ਬਣਾਉਣ। 
ਇਸ ਮੌਕੇ ਅਗਰਵਾਲ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀ ਜਾ ਰਹੀ ਕਾਰਗੁਜ਼ਾਰੀ ਦੀ ਸਮੀਖਿਆ ਵੀ ਕੀਤੀ। ਉਨ•ਾਂ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਨੂੰ ਸਫ਼ਲ ਕਰਨ ਲਈ ਕੋਈ ਵੀ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਬਜ਼ੀ ਮੰਡੀਆਂ ਆਦਿ ਦੀ ਵੀ ਚੈਕਿੰਗ ਕਰਨ ਦੀ ਹਦਾਇਤ ਕੀਤੀ। ਮੀਟਿੰਗ ਵਿੱਚੋਂ ਗੈਰਹਾਜ਼ਰ ਰਹਿਣ ਵਾਲੇ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਰਿਸ਼ੀਪਾਲ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।


Babita

Content Editor

Related News