ਹੁਣ ਫੂਡ ਸੈਂਪਲਿੰਗ ਵੈਨ 50 ਰੁਪਏ ''ਚ ਕਰੇਗੀ ਖਾਣ-ਪੀਣ ਦੇ ਸਮਾਨ ਦੀ ਜਾਂਚ
Thursday, Nov 19, 2020 - 03:44 PM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਐੱਫ. ਸੀ. ਸੀ. ਆਈ. ਵੱਲੋਂ ਭੇਜੀ ਗਈ ਵਿਸ਼ੇਸ਼ ਵੈਨ ਸ਼ਹਿਰ 'ਚ ਖਾਣ-ਪੀਣ ਦੇ ਸਮਾਨ ਦੀ ਜਾਂਚ ਕਰ ਰਹੀ ਹੈ ਅਤੇ ਆਮ ਲੋਕ ਵੀ ਜੇਕਰ ਆਪਣੇ ਘਰੇਲੂ ਵਰਤਣ ਵਾਲੇ ਕਿਸੇ ਵੀ ਖਾਣ-ਪੀਣ ਦੇ ਸਮਾਨ ਦੀ ਜਾਂਚ ਕਰਨਾ ਚਾਹੁੰਦੇ ਹਨ ਤਾਂ ਸਿਰਫ 50 ਰੁਪਏ ਦੀ ਫ਼ੀਸ ਦੇ ਕੇ ਉਹ ਇਹ ਟੈਸਟ ਕਰਵਾ ਸਕਦੇ ਹਨ, ਜਿਸ ਦੇ ਨਾਲ ਦੀ ਨਾਲ ਹੀ ਨਤੀਜੇ ਸਾਹਮਣੇ ਆਉਂਦੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਲੁਧਿਆਣਾ ਖ਼ੁਰਾਕ ਸੁਰੱਖਿਆ ਅਫ਼ਸਰ ਦਿੱਵਿਆਜੋਤ ਕੌਰ ਨੇ ਦੱਸਿਆ ਕਿ ਇਸ ਰਾਹੀਂ ਲੋਕ ਆਪਣੇ ਦੁੱਧ, ਘਿਓ, ਮਸਾਲੇ ਆਦਿ ਦੀ ਟੈਸਟਿੰਗ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਹੋਰਨਾਂ ਥਾਵਾਂ 'ਤੇ ਵੀ ਨਮੂਨੇ ਲਏ ਜਾ ਰਹੇ ਹਨ ਅਤੇ ਅੱਜ ਲੁਧਿਆਣਾ ਦੇ ਗਿੱਲ ਰੋਡ 'ਤੇ ਸਥਿਤ ਦਿਆਲ ਸਵੀਟ ਵਿਖੇ ਵੀ ਨਮੂਨੇ ਲਏ ਗਏ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਵੱਡੇ ਨਮੂਨੇ ਕਰਵਾਉਣੇ ਹਨ ਤਾਂ ਉਸਦੀ ਰਿਪੋਰਟ ਖਰੜ ਤੋਂ ਬਣ ਕੇ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਨਮੂਨੇ ਫੇਲ ਹੋ ਰਹੇ ਹਨ, ਉਨ੍ਹਾਂ ਦੇ ਖਿਲਾਫ ਕਾਰਵਾਈ ਵੀ ਹੋਵੇਗੀ।