ਪੰਜਾਬ ਵਾਸੀਆਂ ਨੂੰ ਵਧੀਆ ਖਾਣ-ਪੀਣ ਦੀਆਂ ਚੀਜ਼ਾਂ ਮੁਹੱਈਆ ਕਰਾਉਣ ਲਈ ਵਚਨਬੱਧ ਮਹਿਕਮਾ
Monday, Jun 15, 2020 - 09:24 AM (IST)
ਚੰਡੀਗੜ੍ਹ : ਭੋਜਨ ਸੁਰੱਖਿਆ ਮਹਿਕਮਾ ਸੂਬੇ ਦੇ ਲੋਕਾਂ ਨੂੰ ਉੱਚ ਪੱਧਰੀ ਖਾਣ-ਪੀਣ ਦੀਆਂ ਚੀਜ਼ਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਵਚਨਬੱਧਤਾ ਦੇ ਹਿੱਸੇ ਵਜੋਂ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਮਹਿਕਮੇ ਦੇ ਭੋਜਨ ਸੁਰੱਖਿਆ ਅਧਿਕਾਰੀਆਂ ਨੇ ਖਾਣ-ਪੀਣ ਵਾਲੀਆਂ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ ਦੀ ਰੋਜ਼ਾਨਾ ਜਾਂਚ ਕੀਤੀ ਅਤੇ ਦੁਕਾਨਦਾਰਾਂ ਨੂੰ ਮਿਆਦ ਪੁੱਗ ਚੁੱਕੇ ਸਮਾਨਾਂ ਦਾ ਨਿਪਟਾਰਾ ਕਰਨ, ਗੁਣਵੱਤਾ ਵਾਲੇ ਉਤਪਾਦ ਵੇਚਣ ਅਤੇ ਜਮ੍ਹਾਂਖੋਰੀ ਤੋਂ ਗੁਰੇਜ਼ ਕਰਨ ਸਬੰਧੀ ਜਾਗਰੂਕ ਕੀਤਾ।
ਇਹ ਵੀ ਪੜ੍ਹੋ : ਸ਼ਰਾਬ ਦਾ ਰੈਵੇਨਿਊ ਬਚਾਉਣ ਲਈ 'ਕੈਪਟਨ' ਨੂੰ ਬਦਲਣਾ ਪਿਆ ਫੈਸਲਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨਰ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਪੰਜਾਬ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਖਤੀ ਨਾਲ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ, ਮਾਸਕ ਪਹਿਨਣ ਅਤੇ ਹੈਂਡ ਸੈਨੀਟਾਈਜ਼ਰ ਦੀ ਵਰਤੋਂ, ਜਿੰਨੀ ਵਾਰ ਹੋ ਸਕੇ 20 ਸੈਕਿੰਡ ਲਈ ਹੱਥ ਧੋਣ। ਪੰਨੂੰ ਨੇ ਅੱਗੇ ਦੱਸਿਆ ਕਿ 1 ਮਈ ਤੋਂ 31 ਮਈ ਤੱਕ ਮਹਿਕਮੇ ਦੀਆਂ ਟੀਮਾਂ ਨੇ 1451 ਦੁਕਾਨਾਂ 'ਤੇ ਚੈਕਿੰਗ ਕੀਤੀ ਅਤੇ ਮਿਆਦ ਪੁੱਗ ਚੁੱਕੇ ਭੋਜਨ ਪਦਾਰਥਾਂ ਦਾ ਨਿਪਟਾਰਾ ਕੀਤਾ, ਜਿਨ੍ਹਾਂ 'ਚ 22 ਕੁਇੰਟਲ 66 ਕਿਲੋਗ੍ਰਾਮ ਫਲ ਅਤੇ ਸਬਜ਼ੀਆਂ, ਦੁੱਧ ਅਤੇ ਦੁੱਧ ਉਤਪਾਦਾਂ, 419 ਲੀਟਰ ਕੋਲਡ ਡਰਿੰਕ, ਤੇਲ, 167 ਨਾਮਕੀਨ ਪੈਕੇਟ, ਬਿਸਕੁਟ ਅਤੇ ਮਸਾਲੇ ਸ਼ਾਮਲ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਕੇਸਾਂ ਦੇ ਉਛਾਲ ਕਾਰਨ ਮੁੜ ਹੋਵੇਗੀ ਤਾਲਾਬੰਦੀ, ਕੈਪਟਨ ਨੇ ਦਿੱਤੇ ਸੰਕੇਤ
ਟੀਮਾਂ ਨੇ ਹੋਟਲ, ਢਾਬਾ ਅਤੇ ਹਲਵਾਈ ਐਸੋਸੀਏਸ਼ਨਾਂ ਨਾਲ ਮੀਟਿੰਗਾਂ ਵੀ ਕੀਤੀਆਂ ਅਤੇ ਉਨ੍ਹਾਂ ਨੂੰ ਸੂਬਾ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਚੰਗੀ ਕੁਆਲਟੀ ਦੀਆਂ ਖਾਣ-ਪੀਣ ਦੀਆਂ ਵਸਤਾਂ ਤਿਆਰ ਕਰਨ ਦੀ ਸਿਖਲਾਈ ਦਿੱਤੀ। ਪੰਨੂੰ ਨੇ ਕਿਹਾ ਕਿ ਕਿਸੇ ਨੂੰ ਵੀ ਘਟੀਆ ਖਾਣ-ਪੀਣ ਵਾਲੀਆਂ ਚੀਜ਼ਾਂ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜੋ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਹਨ। ਇਸ ਸਬੰਧੀ ਪੰਜਾਬ ਸਰਕਾਰ ਦੇ ਨਿਯਮਾਂ ਅਤੇ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ।