ਖੁਰਾਕੀ ਪਦਾਰਥਾਂ ਦੇ 7 ਨਮੂਨੇ ਗੈਰ-ਮਿਆਰੀ ਤੇ ਮਿਸ-ਬ੍ਰਾਂਡਿਡ ਨਿਕਲੇ

Saturday, Jul 07, 2018 - 12:18 AM (IST)

ਖੁਰਾਕੀ ਪਦਾਰਥਾਂ ਦੇ 7 ਨਮੂਨੇ ਗੈਰ-ਮਿਆਰੀ ਤੇ ਮਿਸ-ਬ੍ਰਾਂਡਿਡ ਨਿਕਲੇ

ਨਵਾਂਸ਼ਹਿਰ, (ਮਨੋਰੰਜਨ, ਤ੍ਰਿਪਾਠੀ)- ਪੰਜਾਬ ਸਰਕਾਰ ਵੱਲੋਂ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਲੋਕਾਂ ਨੂੰ ਮਿਲਾਵਟ ਰਹਿਤ ਅਤੇ ਗੈਰ-ਮਿਆਰੀ ਭੋਜਨ ਪਦਾਰਥਾਂ ਤੋਂ ਛੁਟਕਾਰਾ ਦਿਵਾਉਣ ਲਈ ਆਰੰਭੀ ਮੁਹਿੰਮ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ’ਚ ਸਾਰਥਕ ਨਤੀਜੇ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਫੂਡ ਸੇਫਟੀ ਅਧਿਕਾਰੀਆਂ ਵੱਲੋਂ ਜੂਨ ਮਹੀਨੇ ਦੌਰਾਨ ਮਿਲਾਟਵਖੋਰੀ ਅਤੇ ਗੈਰ-ਮਿਆਰੀ ਖਾਣ-ਪੀਣ ਦੀਆਂ ਵਸਤਾਂ ਖਿਲਾਫ ਆਰੰਭੀ ਮੁਹਿੰਮ ਤਹਿਤ ਲਏ ਗਏ 40 ਖੁਰਾਕੀ ਪਦਾਰਥਾਂ ਦੇ ਨਮੂਨਿਆਂ ’ਚੋਂ 20 ਦੀ ਰਿਪੋਰਟ ਨਸ਼ਰ ਹੋ ਗਈ ਹੈ। 
ਸਹਾਇਕ ਕਮਿਸ਼ਨਰ ਭੋਜਨ ਸੁਰੱਖਿਆ ਮਨੋਜ ਖੋਸਲਾ ਅਨੁਸਾਰ ਜੂਨ ਮਹੀਨੇ ਦੌਰਾਨ 24 ਨਮੂਨੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ, 10 ਫਲਾਂ ਦੇ ਅਤੇ 6 ਹੋਰ ਖਾਣ-ਪੀਣ ਦੀਆਂ ਵਸਤਾਂ ਦੇ ਲਏ ਗਏ ਸਨ, ਜਿਨ੍ਹਾਂ ’ਚੋਂ ਆਏ 20 ਨਤੀਜਿਆਂ ’ਚੋਂ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਦੇ 5 ਸੈਂਪਲ ਗੈਰ-ਮਿਆਰੀ ਪਾਏ ਗਏ ਹਨ, ਇਕ ਕੋਲਡ ਡਰਿੰਕ ਮਿਆਦ ਪੁੱਗਿਆ ਪਾਇਆ ਗਿਆ, ਬਿਸਕੁੱਟ ਮਿਸ-ਬ੍ਰਾਂਡਿਡ ਨਿਕਲੇ ਅਤੇ ਖਜੂਰ ਵੀ ਮਿਸ-ਬ੍ਰਾਂਡਿਡ ਨਿਕਲੀ।
ਉਨ੍ਹਾਂ ਗੈਰ-ਮਿਆਰੀ ਅਤੇ ਮਿਸ-ਬ੍ਰਾਂਡਿਡ ਨਮੂਨਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿਫਲ ਰੈਸਟੋਰੈਂਟ ਬੱਸ ਸਟੈਂਡ ਰੋਡ ਮੁਕੰਦਪੁਰ ਦਾ ਪਨੀਰ ਦਾ ਨਮੂਨਾ ਗੈਰ-ਮਿਆਰੀ ਪਾਇਆ ਗਿਆ, ਜਦਕਿ ਕੁਲਫੀ ਦਾ ਨਮੂਨਾ ਗੈਰ-ਮਿਆਰੀ ਹੋਣ ਦੇ ਨਾਲ-ਨਾਲ ਮਿਸ ਬ੍ਰਾਂਡਿਡ ਵੀ ਪਾਇਆ ਗਿਆ। ਉਨ੍ਹਾਂ  ਦੱਸਿਅਾ  ਕਿ ਜਿਨ੍ਹਾਂ ਦੁਕਾਨਦਾਰਾਂ ਦੇ ਨਮੂਨੇ ਮਿਸ-ਬ੍ਰਾਂਡਿਡ ਪਾਏ ਗਏ, ਉਨ੍ਹਾਂ ’ਚ ਖਰੈਤੀ ਲਾਲ ਐਂਡ ਸੰਨਜ਼ ਦੁਕਾਨ ਨੰ. 8, ਸਬਜ਼ੀ ਮੰਡੀ ਨਵਾਂਸ਼ਹਿਰ ਦਾ ਖਜੂਰ ਦਾ ਨਮੂਨਾ, ਚੋਪਡ਼ਾ ਬੇਕਰੀ ਮੇਨ ਰੋਡ ਬੰਗਾ ਦਾ ਬਿਸਕੁੱਟ ਦਾ ਨਮੂਨਾ ਮਿਸ-ਬ੍ਰਾਂਡਿਡ ਅਤੇ ਫ੍ਰੈਂਡਜ਼ ਵੇਰਕਾ ਪਲਾਂਟ ਸ਼ਹਿਨਸ਼ਾਹ ਗੇਟ ਮੁਕੰਦਪੁਰ ਦਾ ਮਿ. ਫ਼ਿਜ਼ ਮਿਆਦ ਪੁੱਗਿਆ ਪਾਇਆ ਗਿਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਖਿਲਾਫ ਅਤੇ ਸਫਾਈ ਦੇ ਹਾਲਾਤ ਠੀਕ ਨਾ ਪਾਏ ਜਾਣ ’ਤੇ ਚਲਾਨ ਕੀਤੇ ਗਏ  ਅਤੇ 8 ਮੀਟ ਵਿਕਰੇਤਾਵਾਂ ਖਿਲਾਫ ਵਧੀਕ ਡਿਪਟੀ ਕਮਿਸ਼ਨਰ ਦੀ ਕੋਰਟ ’ਚ ਕੇਸ ਦਾਇਰ ਕੀਤੇ ਜਾਣਗੇ। ਖੋਸਲਾ ਅਨੁਸਾਰ ਇਸ ਤੋਂ ਇਲਾਵਾ ਜੂਨ ਮਹੀਨੇ ਦੌਰਾਨ ਗਲੇ-ਸਡ਼ੇ ਅਤੇ ਜ਼ਿਆਦਾ ਪੱਕੇ ਫਲਾਂ ਤੇ ਸਬਜ਼ੀਆਂ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਇਕ ਕੁਇੰਟਲ ਗਲੇ-ਸਡ਼ੇ ਅਤੇ ਜ਼ਿਆਦਾ ਪੱਕੇ ਫਲ ਅਤੇ ਸਬਜ਼ੀਆਂ ਵੀ ਨਸ਼ਟ ਕਰਵਾਈਆਂ ਗਈਅਾਂ, ਜਦਕਿ ਹੋਟਲਾਂ, ਮੀਟ ਵਿਕਰੇਤਾਵਾਂ ਅਤੇ ਭੋਜਨ ਪਦਾਰਥਾਂ ਨਾਲ ਸਬੰਧਤ ਵਿਕਰੇਤਾਵਾਂ ਦੀਆਂ 4 ਜਾਗਰੂਕਤਾ ਮੀਟਿੰਗਾਂ ਵੀ ਕੀਤੀਆਂ ਗਈਆਂ। ਇਸ ਤੋਂ ਇਲਾਵਾ ਡੇਅਰੀ ਵਿਭਾਗ ਨਾਲ ਮਿਲ ਕੇ ਇਕ ਦੁੱਧ ਖਪਤਕਾਰ ਜਾਗਰੂਕਤਾ ਤੇ ਟੈਸਟਿੰਗ ਕੈਂਪ ਵੀ ਲਾਇਆ ਗਿਆ। ਉਨ੍ਹਾਂ ਸਮੂਹ ਖਾਣ-ਪੀਣ ਦੀਆਂ ਵਸਤਾਂ ਨਾਲ ਸਬੰਧਤ ਅਦਾਰਿਆਂ ਨੂੰ ਅਪੀਲ ਕੀਤੀ ਕਿ ਉਹ ਖਾਣਾ ਬਣਾਉਣ ਅਤੇ ਪਰੋਸਣ ਵਾਲੀ ਜਗ੍ਹਾ ਸਫਾਈ ਦਾ ਪੂਰਾ ਧਿਆਨ ਰੱਖਣ ਅਤੇ ਖਾਣਾ ਪਕਾਉਣ ਤੇ ਪਰੋਸਣ ਵਾਲਿਆਂ ਦੇ ਸਰੀਰਕ ਤੌਰ ’ਤੇ ਤੰਦਰੁਸਤ ਹੋਣ ਲਈ ਉਨ੍ਹਾਂ ਦੀ ਮੈਡੀਕਲ ਜਾਂਚ ਵੀ ਨਿਯਮਿਤ ਤੌਰ ’ਤੇ ਕਰਵਾਉਂਦੇ ਰਹਿਣ। ਉਨ੍ਹਾਂ ਵੱਲੋਂ ਇਸ ਸਬੰਧੀ ਅੱਜ ਵੀ ਆਪਣੇ ਦਫਤਰ ਵਿਖੇ ਜਾਗਰੂਕਤਾ ਮੀਟਿੰਗ ਕੀਤੀ ਗਈ। ਇਸ ਮੌਕੇ ਫੂਡ ਸੇਫਟੀ ਅਫਸਰ ਸੰਗੀਤਾ ਸਹਿਦੇਵ ਵੀ ਮੌਜੂਦ ਸਨ।


Related News